ਚੰਡੀਗੜ੍ਹ, 19 ਅਪ੍ਰੈਲ: ਦੇਸ਼ ਕਲਿੱਕ ਬਿਊਰੋ:
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਾਲੇ ਗਠਜੋੜ ਹੋ ਗਿਆ ਹੈ। ਮਨਪ੍ਰੀਤ ਸਿੰਘ ਇਯਾਲੀ ਨੂੰ ਇਸ ਨਵੇਂ ਗਠਜੋੜ ਦੀ ਤਾਲਮੇਲ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਇਸ ਸੰਬੰਧੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਕਿਹਾ ਕਿ, “ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਤਾਲਮੇਲ ਕਮੇਟੀਆਂ ਵਲੋ ਪਹਿਲੀ ਮੀਟਿੰਗ ਕਰਕੇ ਗੱਠਜੋੜ ਕਰਦਿਆਂ “ਪੰਥਕ ਏਕਤਾ ਤਾਲਮੇਲ ਕਮੇਟੀ” ਬਣਾਈ ਗਈ। ਜਿਸ ਦਾ ਦਾਸ ਨੂੰ ਸਰਬਸਮੰਤੀ ਨਾਲ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਜਿਸ ਤਹਿਤ ਅਸੀ ਦੋਵਾ ਪੰਥਕ ਅਕਾਲੀ ਧਿਰਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ।
2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋ ਹੋਏ ਹੁਕਮਨਾਮੇ ਸਾਹਿਬ ਤਹਿਤ ਜੋ ਪੰਥਕ ਏਕਤਾ ਦਾ ਕਾਰਜ ਅਧੂਰਾ ਪਿਆ ਸੀ। ਉਸ ਦੀ ਆਰੰਭਤਾ ਤੇ ਸਫਲਤਾ ਵੱਲ ਅੱਜ ਪਹਿਲਾ ਕਦਮ ਚੁੱਕਿਆ ਗਿਆ ਹੈ ਤੇ ਸਾਡੀ ਪਿਛਲੇ ਸਮਿਆਂ ਚ ਚੱਲ ਰਹੀਆਂ ਕੋਸ਼ਿਸ਼ਾਂ ਤੇ ਮਿਹਨਤ ਨੂੰ ਬੂਰ ਪਿਆ ਹੈ। ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਨ ਲਈ ਤੇ ਪੰਥਕ ਏਕਤਾ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਜਿਸ ਤਹਿਤ ਅਸੀ ਸਾਰੀਆਂ ਪੰਥਕ, ਸਮਾਜਿਕ-ਧਾਰਮਿਕ , ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਗੱਠਜੋੜ ਦਾ ਹਿੱਸਾ ਬਣਨ ਤੇ ਇਸ ਕਾਰਜ ਵਿਚ ਉਹ ਸਾਡਾ ਸਾਥ ਦੇਣ ਤਾ ਜੋ ਪੰਜਾਬ ਦੀ ਬਿਹਤਰੀ ਲਈ ਸਭ ਮਿਲ ਕੇ ਕੰਮ ਕਰ ਸਕੀਏ।”



