ਪੰਜਾਬ ਯੂਨੀਵਰਸਿਟੀ ‘ਚ ਹੁਣ ਰਿਸ਼ਤੇਦਾਰਾਂ ਦੇ ਆਧਾਰ ‘ਤੇ ਨਹੀਂ ਮਿਲੇਗਾ ਦਾਖ਼ਲਾ

ਪੰਜਾਬ
  • ਪੰਜਾਬ ਯੂਨੀਵਰਸਿਟੀ ਵੱਲੋਂ ਸ਼ੈਕਸ਼ਨਿਕ ਸੈਸ਼ਨ 2026-27 ਲਈ NRI ਕੋਟੇ ਦੇ ਨਿਯਮਾਂ ਵਿੱਚ ਵੱਡਾ ਬਦਲਾਅ
  • ਕੋਟੇ ਦੀ ਦੁਰਵਰਤੋਂ ਨੂੰ ਰੋਕਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੁੱਕਿਆ ਸਖ਼ਤ ਕਦਮ
  • ਹੁਣ ਦੂਰ ਦੇ ਰਿਸ਼ਤੇਦਾਰ ਸਪਾਂਸਰ ਨਹੀਂ ਕਰ ਸਕਣਗੇ, ਸਿਰਫ਼ ਸਕੇ ਮਾਪਿਆਂ ਦੀ ਯੋਗਤਾ ਹੀ ਹੋਵੇਗੀ ਪ੍ਰਮਾਣਿਤ

ਚੰਡੀਗੜ੍ਹ, 21 ਮਈ 2026- ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਵਿੱਚ ਪੜ੍ਹਨ ਦੇ ਇੱਛੁਕ ਐਨਆਰਆਈ (NRI) ਕੋਟੇ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਅਤੇ ਅਹਿਮ ਖ਼ਬਰ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਆਗਾਮੀ ਸ਼ੈਕਸ਼ਨਿਕ ਸੈਸ਼ਨ 2026-27 ਲਈ ਐਨਆਰਆਈ ਕੋਟੇ ਤਹਿਤ ਹੋਣ ਵਾਲੇ ਦਾਖ਼ਲਿਆਂ ਦੇ ਨਿਯਮਾਂ ਵਿੱਚ ਵੱਡਾ ਫੇਰਬਦਲ ਕਰ ਦਿੱਤਾ ਹੈ।

ਨਵੇਂ ਫੈਸਲੇ ਮੁਤਾਬਕ ਹੁਣ ਐਨਆਰਆਈ ਕੋਟੇ ਦਾ ਲਾਭ ਲੈਣ ਲਈ ਨਿਯਮਾਂ ਨੂੰ ਪਹਿਲਾਂ ਦੇ ਮੁਕਾਬਲੇ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ, ਤਾਂ ਜੋ ਇਸ ਕੋਟੇ ਦੀ ਹੋ ਰਹੀ ਕਥਿਤ ਦੁਰਵਰਤੋਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਤਹਿਤ ਹੁਣ ਕੋਈ ਵੀ ਵਿਦਿਆਰਥੀ ਆਪਣੇ ਦੂਰ ਦੇ ਰਿਸ਼ਤੇਦਾਰਾਂ (ਜਿਵੇਂ ਚਾਚਾ, ਤਾਇਆ, ਮਾਮਾ, ਮਾਸੀ ਜਾਂ ਹੋਰਾਂ) ਦੇ ਐਨਆਰਆਈ ਸਟੇਟਸ ਦੇ ਆਧਾਰ ‘ਤੇ ਦਾਖ਼ਲਾ ਨਹੀਂ ਲੈ ਸਕੇਗਾ।

ਯੂਨੀਵਰਸਿਟੀ ਨੇ ਸਾਫ਼ ਕਰ ਦਿੱਤਾ ਹੈ ਕਿ ਐਨਆਰਆਈ ਕੋਟੇ ਦੀ ਸੀਟ ਹਾਸਲ ਕਰਨ ਲਈ ਹੁਣ ਸਿਰਫ਼ ਅਤੇ ਸਿਰਫ਼ ਵਿਦਿਆਰਥੀ ਦੇ ਅਸਲ ਮਾਤਾ-ਪਿਤਾ (Parents) ਦੀ ਪਾਤਰਤਾ (Eligibility) ਅਤੇ ਯੋਗਤਾ ਹੀ ਮਾਨਤਾ ਪ੍ਰਾਪਤ ਹੋਵੇਗੀ।

ਯੂਨੀਵਰਸਿਟੀ ਸੂਤਰਾਂ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਇਹ ਦੇਖਣ ਵਿੱਚ ਆ ਰਿਹਾ ਸੀ ਕਿ ਬਹੁਤ ਸਾਰੇ ਸਥਾਨਕ ਵਿਦਿਆਰਥੀ ਆਪਣੇ ਐਨਆਰਆਈ ਰਿਸ਼ਤੇਦਾਰਾਂ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਸ ਕੋਟੇ ਤਹਿਤ ਸੀਟਾਂ ਹਾਸਲ ਕਰ ਲੈਂਦੇ ਸਨ, ਜਿਸ ਕਾਰਨ ਹੱਕਦਾਰ ਵਿਦਿਆਰਥੀ ਪਿੱਛੇ ਰਹਿ ਜਾਂਦੇ ਸਨ।

ਇਸੇ ਗੋਰਖਧੰਦੇ ਅਤੇ ਨਿਯਮਾਂ ਦੀ ਦੁਰਵਰਤੋਂ ਨੂੰ ਠੱਲ੍ਹ ਪਾਉਣ ਲਈ ਪੀਯੂ ਪ੍ਰਸ਼ਾਸਨ ਨੇ ਪਾਤਰਤਾ ਦੀਆਂ ਸ਼ਰਤਾਂ ਨੂੰ ਸਖ਼ਤ ਕਰਨ ਦਾ ਇਹ ਅਹਿਮ ਫੈਸਲਾ ਲਿਆ ਹੈ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਹੁਣ ਸਿਰਫ਼ ਜੈਨੂਨ (ਅਸਲੀ) ਐਨਆਰਆਈ ਪਰਿਵਾਰਾਂ ਦੇ ਬੱਚਿਆਂ ਨੂੰ ਹੀ ਇਸ ਕੋਟੇ ਦਾ ਫਾਇਦਾ ਮਿਲੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।