Punjab Breaking- ਪੰਜਾਬ ਦੇ ਠੇਕਾ ਮੁਲਾਜ਼ਮਾਂ ਵੱਲੋਂ 16 ਜੂਨ ਤੋਂ ਹੜਤਾਲ ਦਾ ਐਲਾਨ; ਪਟਿਆਲਾ ਵਿਖੇ ਲੱਗੇਗਾ ਪੱਕਾ ਮੋਰਚਾ

Top Trending News ਪੰਜਾਬ

 

Punjab contract employees! Punjab Breaking- ਪੰਜਾਬ ਦੇ ਠੇਕਾ ਮੁਲਾਜ਼ਮਾਂ ਵੱਲੋਂ 16 ਜੂਨ ਤੋਂ ਹੜਤਾਲ ਦਾ ਐਲਾਨ; ਪਟਿਆਲਾ ਵਿਖੇ ਲੱਗੇਗਾ ਪੱਕਾ ਮੋਰਚਾ

ਪਟਿਆਲਾ, 14 ਜੂਨ 2026 –

Punjab contract employees! Punjab Breaking- ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਕਾਂ ਵੱਲੋਂ ਆਊਟਸੋਰਸ ਮੁਲਾਜ਼ਮਾਂ ਨਾਲ ਕੀਤੇ ਗਏ ਸਮਝੌਤੇ ਨੂੰ ਸਮੇਂ ਸਿਰ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ‘ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ (ਪੀ.ਐੱਸ.ਪੀ.ਸੀ.ਐੱਲ.)’ ਨੇ 16 ਜੂਨ ਤੋਂ ਹੜਤਾਲ ‘ਤੇ ਜਾਣ ਦਾ ਵੱਡਾ ਐਲਾਨ ਕਰ ਦਿੱਤਾ ਹੈ।

ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 15 ਜੂਨ ਤੱਕ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਸਿੱਧੇ ਕੰਟਰੈਕਟ ‘ਤੇ ਲੈਣ ਅਤੇ ਤਨਖਾਹਾਂ ਵਿੱਚ ਵਾਧਾ ਕਰਨ ਦੀ ਪ੍ਰਕਿਰਿਆ ਪੂਰੀ ਨਾ ਕੀਤੀ ਗਈ, ਤਾਂ 16 ਜੂਨ ਤੋਂ ਸੂਬੇ ਭਰ ਦੇ ਆਊਟਸੋਰਸ ਮੁਲਾਜ਼ਮ ਕੰਮਕਾਜ ਬੰਦ ਕਰਕੇ ਸੰਘਰਸ਼ ਸ਼ੁਰੂ ਕਰਨਗੇ, ਜਦਕਿ 17 ਜੂਨ ਨੂੰ ਪਟਿਆਲਾ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ।

ਇਹ ਅਹਿਮ ਫੈਸਲਾ ਫੈਡਰੇਸ਼ਨ ਦੀ ਸੂਬਾ ਪੱਧਰੀ ਹੰਗਾਮੀ ਬੈਠਕ ਵਿੱਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਕੁਲਜੀਤ ਸਿੰਘ ਲੌਹਕਾ ਨੇ ਕੀਤੀ। ਬੈਠਕ ਦੌਰਾਨ 24 ਮਈ ਨੂੰ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਕਾਂ ਨਾਲ ਹੋਏ ਸਮਝੌਤੇ ਅਤੇ ਉਸ ਦੀ ਮੌਜੂਦਾ ਸਥਿਤੀ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਫੈਡਰੇਸ਼ਨ ਦੇ ਆਗੂਆਂ ਨੇ ਦੱਸਿਆ ਕਿ 24 ਮਈ ਨੂੰ ਸਰਕਾਰ ਅਤੇ ਪ੍ਰਬੰਧਕਾਂ ਨੇ ਸਪੱਸ਼ਟ ਭਰੋਸਾ ਦਿੱਤਾ ਸੀ ਕਿ 15 ਜੂਨ ਤੱਕ ਸਾਰੇ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਸਿੱਧੇ ਕੰਟਰੈਕਟ ‘ਤੇ ਲਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਯੋਗ ਵਾਧਾ ਕੀਤਾ ਜਾਵੇਗਾ। ਪਰ ਹੁਣ ਤੱਕ ਦੀ ਕਾਰਵਾਈ ਤੋਂ ਇਹ ਸਾਫ਼ ਹੋ ਗਿਆ ਹੈ ਕਿ ਪ੍ਰਬੰਧਕ ਮਿੱਥੇ ਸਮੇਂ ਦੇ ਅੰਦਰ ਆਪਣੇ ਵਾਅਦੇ ਨੂੰ ਪੂਰਾ ਕਰਨ ਪ੍ਰਤੀ ਗੰਭੀਰ ਨਹੀਂ ਹਨ ਅਤੇ ਵਾਰ-ਵਾਰ ਮੀਟਿੰਗਾਂ ਕਰਕੇ ਸਿਰਫ਼ ਸਮਾਂ ਲੰਘਾਇਆ ਜਾ ਰਿਹਾ ਹੈ।

ਬੈਠਕ ਵਿੱਚ ਆਗੂਆਂ ਨੇ ਆਰੋਪ ਲਗਾਇਆ ਕਿ ਪ੍ਰਬੰਧਕ ਪਹਿਲਾਂ ਆਪਣੇ ਪ੍ਰਸਤਾਵ ਅਨੁਸਾਰ ਮੁਲਾਜ਼ਮਾਂ ਨੂੰ ਸਿੱਧੇ ਕੰਟਰੈਕਟ ‘ਤੇ ਲੈਣ ਲਈ ਸਹਿਮਤ ਸਨ, ਪਰ ਹੁਣ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸ ਦਾ ਹਵਾਲਾ ਦੇ ਕੇ ਨਵੀਂ ਨੀਤੀ ਤਹਿਤ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਦੀ ਗੱਲ ਕਹਿ ਰਹੇ ਹਨ। ਫੈਡਰੇਸ਼ਨ ਨੇ ਇਸ ਨੂੰ ਸਿੱਧੀ ਵਾਅਦਾਖ਼ਿਲਾਫ਼ੀ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਅਜਿਹੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਫੈਡਰੇਸ਼ਨ ਨੇ ਕਿਹਾ ਕਿ ਸੂਬੇ ਭਰ ਦੇ ਆਊਟਸੋਰਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਤੇ ਸਰਕਲਾਂ ਤੋਂ ਲਗਾਤਾਰ ਸੰਘਰਸ਼ ਤੇਜ਼ ਕਰਨ ਦੀ ਮੰਗ ਉੱਠ ਰਹੀ ਹੈ। ਇਸੇ ਦੇ ਮੱਦੇਨਜ਼ਰ ਸੂਬਾ ਕਮੇਟੀ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੇਕਰ 15 ਜੂਨ ਤੱਕ ਮੰਗਾਂ ਪੂਰੀਆਂ ਨਾ ਹੋਈਆਂ, ਤਾਂ 16 ਜੂਨ ਤੋਂ ਕੰਮ ਬੰਦ ਕਰਕੇ ਪ੍ਰਦਰਸ਼ਨ, ਧਰਨੇ ਅਤੇ ਰੋਸ ਮਾਰਚ ਸ਼ੁਰੂ ਕੀਤੇ ਜਾਣਗੇ।

ਫੈਡਰੇਸ਼ਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਨਾਲ ਕੀਤੀ ਗਈ ਵਾਅਦਾਖ਼ਿਲਾਫ਼ੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਹੋਵੇਗੀ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਜਾਰੀ ਰਹੇਗਾ।

ਇਸ ਬੈਠਕ ਵਿੱਚ ਜਨਰਲ ਸਕੱਤਰ ਤਰਨਜੀਤ ਸਿੰਘ, ਉਪ-ਪ੍ਰਧਾਨ ਅਮਿਤ ਸ਼ਰਮਾ, ਸੂਬਾ ਖ਼ਜ਼ਾਨਚੀ ਤਰਨਦੀਪ ਸਿੰਘ ਵਿਰਦੀ, ਮੁੱਖ ਸਲਾਹਕਾਰ ਵਿਸ਼ਾਲ ਸ਼ਰਮਾ, ਸਕੱਤਰ ਅਮਨਦੀਪ ਸਿੰਘ, ਬਾਰਡਰ ਜ਼ੋਨ ਪ੍ਰਧਾਨ ਪਵਨਦੀਪ ਸਿੰਘ ਪੱਟੀ ਸਮੇਤ ਹੋਰ ਕਈ ਅਹੁਦੇਦਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।