BREAKING- ਇੱਕ ਅਫ਼ਵਾਹ ਨੇ ਲਈਆਂ ਕਈ ਜਾਨਾਂ

Top Trending News ਰਾਸ਼ਟਰੀ

 

BREAKING- A rumor took many lives! ਇੱਕ ਅਫ਼ਵਾਹ ਨੇ ਲਈਆਂ ਕਈ ਜਾਨਾਂ

ਮੱਧ ਪ੍ਰਦੇਸ਼, 15 ਜੂਨ 2026 –

A rumor took many lives! ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿੱਚ ਐਤਵਾਰ (14 ਜੂਨ) ਸ਼ਾਮ ਨੂੰ ਇੱਕ ਬਹੁਤ ਹੀ ਦੁਖਦਾਈ ਰੇਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਖਜੂਰਾਹੋ-ਉਦੈਪੁਰ ਇੰਟਰਸਿਟੀ ਐਕਸਪ੍ਰੈੱਸ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਵਿੱਚ ਅਚਾਨਕ ਅੱਗ ਲੱਗਣ ਦੀ ਅਫ਼ਵਾਹ ਫੈਲ ਗਈ, ਜਿਸ ਤੋਂ ਬਾਅਦ ਘਬਰਾਹਟ ਵਿੱਚ ਯਾਤਰੀਆਂ ਨੇ ਟ੍ਰੇਨ ਦੀ ਐਮਰਜੈਂਸੀ ਚੇਨ ਖਿੱਚ ਦਿੱਤੀ। ਟ੍ਰੇਨ ਦੇ ਰੁਕਦੇ ਹੀ ਆਪਣੀ ਜਾਨ ਬਚਾਉਣ ਲਈ ਲੋਕ ਅੰਨ੍ਹੇਵਾਹ ਹੇਠਾਂ ਉਤਰ ਕੇ ਦੂਜੇ ਟਰੈਕ ‘ਤੇ ਜਾ ਖੜ੍ਹੇ ਹੋਏ। ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਪਾਤਾਲਕੋਟ ਐਕਸਪ੍ਰੈੱਸ ਦੀ ਚਪੇਟ ਵਿੱਚ ਆਉਣ ਕਾਰਨ 4 ਯਾਤਰੀਆਂ (ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹਨ) ਦੀ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਇਹ ਘਟਨਾ ਮੁਰੈਨਾ ਦੇ ਹੇਤਮਪੁਰ ਸਟੇਸ਼ਨ ਨੇੜੇ ਸ਼ਾਮ ਕਰੀਬ 4:15 ਵਜੇ ਵਾਪਰੀ। ਉਦੈਪੁਰ ਇੰਟਰਸਿਟੀ ਐਕਸਪ੍ਰੈੱਸ ਮੁਰੈਨਾ ਤੋਂ ਧੌਲਪੁਰ ਵੱਲ ਜਾ ਰਹੀ ਸੀ। ਚਾਰਜਿੰਗ ਪੁਆਇੰਟ ਕੋਲ ਹੋਈ ਕਿਸੇ ਗ਼ਲਤਫ਼ਹਿਮੀ ਕਾਰਨ ਕਿਸੇ ਨੇ ਟ੍ਰੇਨ ਵਿੱਚ ਅੱਗ ਲੱਗਣ ਦੀ ਅਫ਼ਵਾਹ ਫੈਲਾ ਦਿੱਤੀ। ਜਿਵੇਂ ਹੀ ਯਾਤਰੀਆਂ ਨੇ ਅੱਗ ਬਾਰੇ ਸੁਣਿਆ, ਡੱਬੇ ਦੇ ਅੰਦਰ ਚੀਕ-ਚਿਹਾਰਾ ਤੇ ਭਗਦੜ ਮਚ ਗਈ। ਡਰ ਦੇ ਮਾਰੇ ਲੋਕ ਬਿਨਾਂ ਸੋਚੇ-ਸਮਝੇ ਟ੍ਰੇਨ ਤੋਂ ਹੇਠਾਂ ਉਤਰ ਗਏ।

ਰੇਲਵੇ ਅਧਿਕਾਰੀਆਂ ਮੁਤਾਬਕ ਟਰੈਕ ‘ਤੇ ਮੋੜ (Curve) ਹੋਣ ਕਰਕੇ ਪਟੜੀ ‘ਤੇ ਖੜ੍ਹੇ ਯਾਤਰੀਆਂ ਨੂੰ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਫਿਰੋਜ਼ਪੁਰ-ਸਿਉਨੀ ਪਾਤਾਲਕੋਟ ਐਕਸਪ੍ਰੈੱਸ ਦਿਖਾਈ ਨਹੀਂ ਦਿੱਤੀ। ਪਾਤਾਲਕੋਟ ਐਕਸਪ੍ਰੈੱਸ ਦੇ ਲੋਕੋ ਪਾਇਲਟ (ਡਰਾਈਵਰ) ਨੇ ਐਮਰਜੈਂਸੀ ਬ੍ਰੇਕਾਂ ਲਗਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਟ੍ਰੇਨ ਦੀ ਰਫ਼ਤਾਰ ਤੇਜ਼ ਹੋਣ ਕਰਕੇ ਉਹ ਸਮੇਂ ਸਿਰ ਰੁਕ ਨਹੀਂ ਸਕੀ ਅਤੇ ਪਟੜੀ ‘ਤੇ ਖੜ੍ਹੇ ਲੋਕਾਂ ਨੂੰ ਕੁਚਲਦੀ ਹੋਈ ਲੰਘ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ, ਰੇਲਵੇ ਸੁਰੱਖਿਆ ਬਲ (RPF), ਸਰਕਾਰੀ ਰੇਲਵੇ ਪੁਲਿਸ (GRP) ਅਤੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਰੇਲਵੇ ਵੱਲੋਂ ਜਾਂਚ ਤੋਂ ਬਾਅਦ ਇਹ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ ਕਿ ਉਦੈਪੁਰ ਇੰਟਰਸਿਟੀ ਵਿੱਚ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਹੋਈ ਸੀ, ਇਹ ਮਹਿਜ਼ ਇੱਕ ਝੂਠੀ ਅਫ਼ਵਾਹ ਸੀ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਅਫ਼ਵਾਹ ਕਿਸ ਨੇ ਅਤੇ ਕਿਵੇਂ ਫੈਲਾਈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।