ਰਵਨੀਤ ਬਿੱਟੂ (Ravneet Bittu) SC ਕਮਿਸ਼ਨ ਅੱਗੇ ਫਿਰ ਨਹੀਂ ਹੋਏ ਪੇਸ਼! ਚੇਅਰਮੈਨ ਗੜ੍ਹੀ ਨੇ ਵਕੀਲ ਨੂੰ ਪਾਈ ਫਿਟਕਾਰ; ਹੁਣ 24 ਜੂਨ ਲਈ ਤਲਬ
ਚੰਡੀਗੜ੍ਹ, 15 ਜੂਨ 2026:
ਪੁਲਿਸ ਮੁਲਾਜ਼ਮਾਂ ‘ਤੇ ਕਥਿਤ ਤੌਰ ‘ਤੇ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਗੰਭੀਰ ਮਾਮਲੇ ਵਿੱਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Bittu) ਅੱਜ (15 ਜੂਨ) ਫਿਰ ਅਨੁਸੂਚਿਤ ਜਾਤੀ (SC) ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ।
ਬਿੱਟੂ ਦੀ ਜਗ੍ਹਾ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ, ਜਿਨ੍ਹਾਂ ਨੇ ਕੇਂਦਰੀ ਮੰਤਰੀ ਦੇ ਮੀਟਿੰਗਾਂ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਮੰਗੀ।
ਇਸ ਗੱਲ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬਿੱਟੂ ਦੇ ਵਕੀਲ ਦੀ ਜ਼ਬਰਦਸਤ ਝਾੜ ਲਗਾਈ ਅਤੇ ਹੁਣ ਰਵਨੀਤ ਬਿੱਟੂ ਨੂੰ 24 ਜੂਨ ਲਈ ਦੁਬਾਰਾ ਨਿੱਜੀ ਤੌਰ ‘ਤੇ ਤਲਬ ਕਰ ਲਿਆ ਹੈ।
ਸੁਣਵਾਈ ਦੌਰਾਨ ਜਦੋਂ ਰਵਨੀਤ ਬਿੱਟੂ ਦੇ ਵਕੀਲ ਨੇ ਸਰਕਾਰੀ ਮੀਟਿੰਗਾਂ ਦਾ ਬਹਾਨਾ ਬਣਾਇਆ ਤਾਂ ਕਮਿਸ਼ਨ ਬੇਹੱਦ ਸਖ਼ਤ ਰੁਖ਼ ਵਿੱਚ ਨਜ਼ਰ ਆਇਆ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਕੀਲ ਨੂੰ ਫਿਟਕਾਰ ਲਗਾਉਂਦੇ ਹੋਏ ਸਵਾਲ ਕੀਤਾ, “ਬੀਤੀ 4 ਜੂਨ ਨੂੰ ਹੋਈ ਸੁਣਵਾਈ ਦੌਰਾਨ ਤੁਸੀਂ (ਰਵਨੀਤ ਸਿੰਘ ਬਿੱਟੂ) ਖ਼ੁਦ ਅਗਲੀ ਪੇਸ਼ੀ ਲਈ 15 ਜੂਨ ਦੀ ਤਾਰੀਖ਼ ਮੰਗੀ ਸੀ। ਕੀ ਤੁਹਾਨੂੰ ਉਸ ਸਮੇਂ ਇਨ੍ਹਾਂ ਮੀਟਿੰਗਾਂ ਦੇ ਰੁਝੇਵਿਆਂ ਬਾਰੇ ਪਤਾ ਨਹੀਂ ਸੀ?”
ਉਨ੍ਹਾਂ ਅੱਗੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਜਾਂ ਤਾਂ ਤੁਹਾਡੀ ਯੋਜਨਾਬੰਦੀ (Planning) ਵਿੱਚ ਵੱਡੀ ਕਮੀ ਹੈ ਜਾਂ ਫਿਰ ਤੁਹਾਡੀ ਕੋਈ ਬਦਨੀਤੀ ਹੈ, ਜਿਸ ਕਾਰਨ ਜਾਂਚ ਦੀ ਪ੍ਰਕਿਰਿਆ ਵਿੱਚ ਦੇਰੀ ਕੀਤੀ ਜਾ ਰਹੀ ਹੈ।



