Akal Takht’s Hukamnama! ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ ਭਗਵੰਤ ਮਾਨ ਦਾ ਪਹਿਲਾ ਵੱਡਾ ਬਿਆਨ; ‘ਵੀਡੀਓ ਮੇਰੀ ਨਹੀਂ, ਸਿਆਸੀ ਆਕਾਵਾਂ ਦੇ ਇਸ਼ਾਰੇ ‘ਤੇ ਮੈਨੂੰ ਬਦਨਾਮ ਕਰਨ ਦਾ ਕੂੜ ਪ੍ਰਚਾਰ’
ਚੰਡੀਗੜ੍ਹ 16 ਜੂਨ, 2026:
Akal Takht’s Hukamnama! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੀਤੇ ਕੱਲ੍ਹ ਸੁਣਾਏ ਗਏ ਸਖ਼ਤ ਹੁਕਮਨਾਮੇ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਮੁੱਖ ਮੰਤਰੀ ਨੇ ਹੁਕਮਨਾਮੇ ਦੇ ਅਧਾਰ ਬਣੀ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਆਪਣੇ ਖ਼ਿਲਾਫ਼ ਇੱਕ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਜਿਸ ਵੀਡੀਓ ਨੂੰ ਲੈ ਕੇ ਮੇਰੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ ਗਿਆ ਹੈ, ਉਹ ਵੀਡੀਓ ਮੇਰੀ ਹੈ ਹੀ ਨਹੀਂ। ਜਦੋਂ ਮੈਨੂੰ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਗਿਆ ਸੀ, ਮੈਂ ਉਦੋਂ ਵੀ ਸਪੱਸ਼ਟ ਕੀਤਾ ਸੀ ਕਿ ਉਸ ਵੀਡੀਓ ਵਾਲੇ ਵਿਅਕਤੀ ਨਾਲ ਨਾ ਤਾਂ ਮੇਰਾ ਚਿਹਰਾ ਮਿਲਦਾ ਹੈ ਅਤੇ ਨਾ ਹੀ ਸਰੀਰਕ ਬਣਤਰ।”
ਸੀਐਮ ਮਾਨ ਨੇ ਸਾਫ਼ ਕੀਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਹਨ ਅਤੇ ਉੱਥੇ ਹਮੇਸ਼ਾ ਉਨ੍ਹਾਂ ਦਾ ਸਿਰ ਝੁਕਦਾ ਹੈ। ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਗੱਲ ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।
ਭਗਵੰਤ ਮਾਨ ਨੇ ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ. (SGPC) ਦੇ ਪ੍ਰਬੰਧਕਾਂ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉੱਥੇ ਬੈਠੇ ਲੋਕ ਆਪਣੇ “ਸਿਆਸੀ ਆਕਾਵਾਂ” ਦੀ ਸ਼ਹਿ ‘ਤੇ ਕੰਮ ਕਰ ਰਹੇ ਹਨ। “ਪਹਿਲਾਂ ਇਹੀ ਪ੍ਰਬੰਧਕ ਕਹਿੰਦੇ ਸਨ ਕਿ ਸਰਕਾਰ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਕਿਉਂ ਨਹੀਂ ਬਣਾਉਂਦੀ। ਹੁਣ ਜਦੋਂ ਅਸੀਂ ਕਾਨੂੰਨ ਬਣਾ ਦਿੱਤਾ, ਤਾਂ ਕਹਿੰਦੇ ਹਨ ਕਿ ਸਾਨੂੰ ਪੁੱਛੇ ਬਿਨਾਂ ਕਿਉਂ ਬਣਾਇਆ, ਅਸੀਂ ਇਸ ਨੂੰ ਨਹੀਂ ਮੰਨਦੇ।”
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਲੇਵਾ ਸੰਗਤ ਭਲੀਭਾਂਤ ਜਾਣਦੀ ਹੈ ਕਿ ਇੱਥੇ ਕਿਵੇਂ ਬਿਨਾਂ ਮੰਗੇ ਮਾਫ਼ੀ ਦੇ ਦਿੱਤੀ ਜਾਂਦੀ ਹੈ ਅਤੇ ਕਿਵੇਂ ਮਾਫ਼ੀ ਕੈਂਸਲ ਕਰ ਦਿੱਤੀ ਜਾਂਦੀ ਹੈ। ਸੀਐਮ ਨੇ ਬਾਦਲਾਂ ਨੂੰ ਘੇਰਦਿਆਂ ਕਿਹਾ ਕਿ ਜਿਹੜੇ ਲੋਕ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਬੇਅਦਬੀਆਂ ਕਰਵਾਉਣ, ਗੋਲੀਆਂ ਚਲਵਾਉਣ ਅਤੇ ਦੋਸ਼ੀ ਅਫ਼ਸਰਾਂ ਨੂੰ ਨਿਯੁਕਤੀਆਂ ਤੇ ਟਿਕਟਾਂ ਦੇਣ ਦੀ ਗੱਲ ਮੰਨ ਗਏ ਸਨ, ਅਤੇ ਤੀਜੇ ਦਿਨ ਮੁੱਕਰ ਗਏ, ਉਨ੍ਹਾਂ ਖ਼ਿਲਾਫ਼ ਕੋਈ ਫੈਸਲਾ ਲੈਣ ਦਾ ਪ੍ਰਬੰਧਕਾਂ ਦਾ ਕੋਈ ਇਰਾਦਾ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਪਾਣੀ, ਜਵਾਨੀ, ਕਿਸਾਨੀ ਅਤੇ ਗੁਰੂ ਸਾਹਿਬ ਦੀ ਬਾਣੀ ਦੀ ਰਾਖੀ ਲਈ ਵੱਡੇ ਫੈਸਲੇ ਲਏ ਹਨ, ਜੋ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੇ। ਇਸੇ ਲਈ ਧਰਮ ਨੂੰ ਹਥਿਆਰ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਨਾਨਕ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਚਾਲਾਂ ਵਿੱਚ ਨਾ ਆਉਣ ਅਤੇ ਕਿਹਾ, “ਆਖਰੀ ਫੈਸਲਾ ਸੰਗਤ ਕਰੇਗੀ। ਜਿੰਨਾ ਚਿਰ ਸੰਗਤ ਨੇ ਮੈਨੂੰ ਜ਼ਿੰਮੇਦਾਰੀ ਦਿੱਤੀ ਹੈ, ਮੈਂ ਪੰਜਾਬ ਦੇ ਪੱਖ ਵਿੱਚ ਫੈਸਲੇ ਲੈਂਦਾ ਰਹਾਂਗਾ।”



