Central government increases duty on oil exports! ਕੇਂਦਰ ਸਰਕਾਰ ਨੇ ਤੇਲ ਦੇ Export ‘ਤੇ ਡਿਊਟੀ ਵਧਾਈ; ਪੈਟਰੋਲ ਦੀਆਂ ਦਰਾਂ ਬਰਕਰਾਰ
ਨਵੀਂ ਦਿੱਲੀ, 16 ਜੂਨ 2026 –
Central government increases duty on oil exports! ਕੇਂਦਰ ਸਰਕਾਰ ਦੇ ਮਾਲ ਵਿਭਾਗ ਵੱਲੋਂ ਜਾਰੀ ਇੱਕ ਨਵੇਂ ਨੋਟੀਫਿਕੇਸ਼ਨ ਅਨੁਸਾਰ, ਸਰਕਾਰ ਨੇ ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ਦੇ ਨਿਰਯਾਤ (Export) ‘ਤੇ ਡਿਊਟੀ ਵਧਾ ਦਿੱਤੀ ਹੈ। ਨਵੀਆਂ ਦਰਾਂ ਮੁਤਾਬਕ ਹੁਣ ਡੀਜ਼ਲ ‘ਤੇ ਬਰਾਮਦ ਡਿਊਟੀ 14 ਰੁਪਏ ਪ੍ਰਤੀ ਲੀਟਰ ਅਤੇ ਹਵਾਈ ਈਂਧਨ (ATF) ‘ਤੇ 12.5 ਰੁਪਏ ਪ੍ਰਤੀ ਲੀਟਰ ਲਗਾਈ ਜਾਵੇਗੀ। ਇਹ ਸੋਧੀਆਂ ਹੋਈਆਂ ਦਰਾਂ ਅੱਜ (ਮੰਗਲਵਾਰ) ਤੋਂ ਲਾਗੂ ਹੋ ਗਈਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਇਹ ਵਾਧਾ ਸਿਰਫ਼ ਨਿਰਯਾਤ ‘ਤੇ ਕੀਤਾ ਗਿਆ ਹੈ, ਇਸ ਲਈ ਘਰੇਲੂ ਬਾਜ਼ਾਰ ਦੇ ਆਮ ਖਪਤਕਾਰਾਂ ‘ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
ਸਰਕਾਰ ਨੇ ਸਾਫ਼ ਕੀਤਾ ਹੈ ਕਿ ਪੈਟਰੋਲ ‘ਤੇ ਬਰਾਮਦ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਘਰੇਲੂ ਖਪਤ ਲਈ ਵੇਚੇ ਜਾਣ ਵਾਲੇ ਪੈਟਰੋਲ ਅਤੇ ਡੀਜ਼ਲ ‘ਤੇ ਲੱਗਣ ਵਾਲੀ ਆਬਕਾਰੀ ਡਿਊਟੀ (Excise Duty) ਦੀਆਂ ਦਰਾਂ ਨੂੰ ਵੀ ਪਹਿਲਾਂ ਵਾਂਗ ਹੀ ਬਰਕਰਾਰ ਰੱਖਿਆ ਗਿਆ ਹੈ।
ਦਰਅਸਲ, ਪੱਛਮੀ ਏਸ਼ੀਆ ਵਿੱਚ ਚੱਲ ਰਹੀ ਸਿਆਸੀ ਅਸਥਿਰਤਾ ਦੇ ਵਿਚਕਾਰ ਦੇਸ਼ ਅੰਦਰ ਤੇਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ 27 ਮਾਰਚ ਤੋਂ ਪੈਟਰੋਲ, ਡੀਜ਼ਲ ਅਤੇ ATF ਦੇ ਨਿਰਯਾਤ ‘ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ (SAED) ਅਤੇ ਸੜਕ ਬੁਨਿਆਦੀ ਢਾਂਚਾ ਸੈੱਸ (RIC) ਲਗਾਉਣਾ ਸ਼ੁਰੂ ਕੀਤਾ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਈਂਧਨ ਦੀਆਂ ਔਸਤ ਕੀਮਤਾਂ ਦੇ ਆਧਾਰ ‘ਤੇ ਇਨ੍ਹਾਂ ਦਰਾਂ ਦੀ ਹਰ ਪੰਦਰਵਾੜੇ (15 ਦਿਨਾਂ ਬਾਅਦ) ਸਮੀਖਿਆ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ 1 ਜੂਨ ਨੂੰ ਇਨ੍ਹਾਂ ਦਰਾਂ ਵਿੱਚ ਸੋਧ ਕੀਤੀ ਗਈ ਸੀ।
ਦੂਜੇ ਪਾਸੇ, ਦੇਸ਼ ਵਿੱਚ ਤੇਲ ਦੀ ਕਿੱਲਤ ਦੀਆਂ ਅਫ਼ਵਾਹਾਂ ‘ਤੇ ਵਿਰਾਮ ਲਗਾਉਂਦੇ ਹੋਏ ਪੈਟਰੋਲੀਅਮ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ, ਐਲਪੀਜੀ (LPG) ਅਤੇ ਕੁਦਰਤੀ ਗੈਸ ਦੀ ਕੋਈ ਕਮੀ ਨਹੀਂ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਦੇਸ਼ ਵਿੱਚ ਈਂਧਨ ਦੀ ਸਪਲਾਈ ਪੂਰੀ ਤਰ੍ਹਾਂ ਸਥਿਰ ਹੈ ਅਤੇ ਸਾਰੀਆਂ ਰਿਫਾਇਨਰੀਆਂ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ।
ਸੁਜਾਤਾ ਸ਼ਰਮਾ ਨੇ ਦੱਸਿਆ ਕਿ ਸਮੱਸਿਆ ਤੇਲ ਦੀ ਕਮੀ ਨਹੀਂ, ਬਲਕਿ ਖਪਤ ਦੇ ਪੈਟਰਨ ਵਿੱਚ ਆਈ ਤਬਦੀਲੀ ਹੈ। ਰਿਟੇਲ ਪੰਪਾਂ ‘ਤੇ ਵਧ ਰਹੀ ਭੀੜ ਨੂੰ ਘਟਾਉਣ ਲਈ ਸਰਕਾਰ ਨੇ ਇੱਕ ਅਸਥਾਈ ਆਦੇਸ਼ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਅਤੇ ਉਦਯੋਗਾਂ ਨੂੰ ਊਰਜਾ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, ਵੱਡੇ ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਮ ਪਬਲਿਕ ਪੰਪਾਂ ‘ਤੇ ਦਬਾਅ ਘਟਾਉਣ ਲਈ ਸਿੱਧਾ ਆਪਣੇ ਨਿੱਜੀ ਪੰਪਾਂ ਤੋਂ ਹੀ ਡੀਜ਼ਲ ਦੀ ਖਰੀਦ ਕਰਨ।



