New twist in CM Bhagwant Mann’s video case! CM ਭਗਵੰਤ ਮਾਨ ਦੀ ਵੀਡੀਓ ਮਾਮਲੇ ‘ਚ ਨਵਾਂ ਮੋੜ; ਹਰਪਾਲ ਚੀਮਾ ਨੇ ਖੁਲਾਸਾ ਕਰਦਿਆਂ ਕਿਹਾ- ਕੋਈ ਐਕਟਰ ਖੜ੍ਹਾ ਕਰਕੇ ਬਣਾਈ ਗਈ ਸੀ ਵੀਡੀਓ, 1191 ਐਂਗਲਾਂ ਦੀ ਰਿਪੋਰਟ ਜਨਤਕ
ਚੰਡੀਗੜ੍ਹ 18 ਜੂਨ 2026-
New twist in CM Bhagwant Mann’s video case! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਕਥਿਤ ਸਾਜ਼ਿਸ਼ ਨੂੰ ਲੈ ਕੇ ਅੱਜ ਸੂਬੇ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਧਮਾਕਾ ਹੋਇਆ, ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ‘ਆਪ’ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੋ ਵੱਡੀਆਂ ਫੋਰੈਂਸਿਕ ਜਾਂਚ ਰਿਪੋਰਟਾਂ ਜਨਤਕ ਕਰ ਦਿੱਤੀਆਂ। ਹਰਪਾਲ ਚੀਮਾ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਦੀ ਸੱਚਾਈ ਪਰਖਣ ਲਈ ਪੰਜਾਬ ਤੋਂ ਬਾਹਰ ਦੀਆਂ ਦੋ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸੁਤੰਤਰ ਲੈਬਾਰਟਰੀਆਂ ਤੋਂ ਫੋਰੈਂਸਿਕ ਜਾਂਚ ਕਰਵਾਈ ਗਈ ਸੀ।
ਲੈਬਾਂ ਵੱਲੋਂ ਵੀਡੀਓ ਦਾ ਕੁੱਲ 1191 ਵੱਖ-ਵੱਖ ਕੋਣਾਂ (Angles) ਤੋਂ ਵਿਸ਼ਲੇਸ਼ਣ ਕੀਤਾ ਗਿਆ। ਜਾਂਚ ਦੌਰਾਨ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੇ ਚਿਹਰੇ ਦੇ ਹਾਵ-ਭਾਵ (Face angle), ਲੰਬਾਈ (Height), ਸਰੀਰਕ ਬਣਤਰ (Body posture), ਫਰੇਮ ਐਕਸਟਰੈਕਸ਼ਨ ਅਤੇ ਤੁਰਨ-ਖੜ੍ਹਨ ਦੇ ਸਟਾਈਲ ਦਾ ਮਿਲਾਨ ਮੁੱਖ ਮੰਤਰੀ ਨਾਲ ਕੀਤਾ ਗਿਆ। ਫੋਰੈਂਸਿਕ ਰਿਪੋਰਟਾਂ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਸੀਐਮ ਭਗਵੰਤ ਮਾਨ ਨਾਲ ਬਿਲਕੁਲ ਵੀ ਮੈਚ ਨਹੀਂ ਕਰਦਾ। ਇਹ ਵੀਡੀਓ ਕਿਸੇ ਹੋਰ ਐਕਟਰ ਨੂੰ ਖੜ੍ਹਾ ਕਰਕੇ ਸਿਰਫ਼ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਫਰਜ਼ੀ ਤਰੀਕੇ ਨਾਲ ਤਿਆਰ ਕੀਤੀ ਗਈ ਸੀ।
ਹਰਪਾਲ ਚੀਮਾ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਅਕਾਲੀ ਦਲ (ਬਾਦਲ) ਨੂੰ ਸਾਜ਼ਿਸ਼ਾਂ ਰਚਣ ਦਾ ਮਾਹਰ ਦੱਸਿਆ। ਉਨ੍ਹਾਂ ਕਿਹਾ, “ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੀ ਗੱਲ ਚੱਲੀ ਹੈ, ਇਹ ਲੋਕ ਭਗਵੰਤ ਮਾਨ ਦੇ ਪਿੱਛੇ ਪਏ ਹੋਏ ਹਨ। ਪਹਿਲਾਂ ਇਸੇ ਫਰਜ਼ੀ ਵੀਡੀਓ ਦੇ ਅਧਾਰ ‘ਤੇ ਸੀਐਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਜ ਦੇਸ਼ ਦੀਆਂ ਚੋਟੀ ਦੀਆਂ ਲੈਬਾਂ ਨੇ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਕਰ ਦਿੱਤਾ ਹੈ।”
ਚੀਮਾ ਨੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਨੂੰ ਪੰਥ ਵਿਰੋਧੀ ਅਤੇ ਪੰਥ ਦਾ ਦੋਖੀ ਗਰਦਾਨਦਿਆਂ ਦੋਸ਼ ਲਾਇਆ ਕਿ ਇਹ ਲੋਕ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ, ਪਰ ਸੂਬੇ ਦੇ ਸੂਝਵਾਨ ਲੋਕ ਇਨ੍ਹਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।



