ਵੱਡੀ ਖ਼ਬਰ: ਪੰਜਾਬ ਦਾ ਇਹ ਸ਼ਹਿਰ ਭਲਕੇ ਮੁਕੰਮਲ ਬੰਦ! ਪੜ੍ਹੋ ਵਜ੍ਹਾ
ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਆਰ-ਪਾਰ ਦੀ ਲੜਾਈ: 20 ਜੂਨ ਨੂੰ ‘ਮਾਨਸਾ ਬੰਦ’ ਦਾ ਸੱਦਾ, ਤਿਆਰੀਆਂ ਮੁਕੰਮਲ
ਮਾਨਸਾ, 19 ਜੂਨ 2026:
ਸਿਆਸੀ ਸ਼ਹਿ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਅਤੇ ਸ਼ਹਿਰ ਦੇ ਵਿਗੜ ਰਹੇ ਹਾਲਾਤਾਂ ਖ਼ਿਲਾਫ਼ 20 ਜੂਨ (ਦਿਨ ਸ਼ਨੀਵਾਰ) ਨੂੰ ਦਿੱਤੇ ਗਏ ‘ਮਾਨਸਾ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ। ਨਗਰ ਕੌਂਸਲ ਦੇ ਵਾਰਡ ਨੰਬਰ 18 ਤੋਂ ਜਿੱਤੇ ਆਜ਼ਾਦ ਉਮੀਦਵਾਰ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ (ਜੀਜੇ) ਖ਼ਿਲਾਫ਼ ਦਰਜ ਕੀਤੇ ਗਏ ਕਥਿਤ ਨਾਜਾਇਜ਼ ਅਤੇ ਬੇਬੁਨਿਆਦ ਪਰਚੇ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੀਆਂ 21 ਮੈਂਬਰੀ ਕਮੇਟੀ ਦੀ ਦੇਖਰੇਖ ਹੇਠ ਸਮੂਹ ਸੰਸਥਾਵਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।
ਇਸ ਸਬੰਧੀ ਮਾਨਸਾ ਵਿਖੇ ਇੱਕ ਵਿਸ਼ੇਸ਼ ਅਤੇ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਵਪਾਰਕ, ਧਾਰਮਿਕ, ਸਮਾਜਿਕ, ਰਾਜਨੀਤਕ, ਕਿਸਾਨ, ਮਜ਼ਦੂਰ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ 20 ਜੂਨ ਦੇ ਬੰਦ ਨੂੰ ਇਤਿਹਾਸਕ ਅਤੇ ਮੁਕੰਮਲ ਬਣਾਉਣ ਲਈ ਵੱਖ-ਵੱਖ ਇਲਾਕਿਆਂ ਅਨੁਸਾਰ ਟੀਮਾਂ ਦਾ ਗਠਨ ਕਰਕੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਆਗੂਆਂ ਨੇ ਦੱਸਿਆ ਕਿ ਬੰਦ ਦੌਰਾਨ ਸ਼ਹਿਰ ਦੇ ਗੁਰੂਦੁਆਰਾ ਚੌਂਕ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ, ਜਿੱਥੇ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਾਈਚਾਰਕ ਸਾਂਝ ਨੂੰ ਤੋੜਨ ਲਈ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਨਿੰਦਣਯੋਗ ਹੈ।
ਉਨ੍ਹਾਂ ਸਪੱਸ਼ਟ ਕੀਤਾ, “ਇਸ ਰੋਸ ਪ੍ਰਦਰਸ਼ਨ ਦਾ ਨਗਰ ਕੌਂਸਲ ਦੀ ਪ੍ਰਧਾਨਗੀ ਚੋਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਹੈ। ਇਹ ਸੰਘਰਸ਼ ਸਿਰਫ਼ ਪੁਲਿਸ ਦੀ ਧੱਕੇਸ਼ਾਹੀ ਅਤੇ ਸਿਆਸੀ ਬਦਲਾਖੋਰੀ ਖ਼ਿਲਾਫ਼ ਇਨਸਾਫ਼ ਦੀ ਆਵਾਜ਼ ਹੈ।”
ਇਸ ਬੰਦ ਦੇ ਸੱਦੇ ਨੂੰ ਸ਼ਹਿਰ ਦੀਆਂ ਲਗਭਗ ਸਾਰੀਆਂ ਛੋਟੀਆਂ-ਵੱਡੀਆਂ ਜਥੇਬੰਦੀਆਂ ਦਾ ਸਮਰਥਨ ਹਾਸਲ ਹੋਇਆ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ਗਾਰਮੈਂਟਸ ਐਸੋਸੀਏਸ਼ਨ (ਜ਼ਿਲ੍ਹਾ ਪ੍ਰਧਾਨ ਮਨੋਜ਼ ਗੋਇਲ), ਇਲੈਕਟ੍ਰੋਨਿਕਸ ਟਰੇਡਰਜ਼ (ਪ੍ਰਧਾਨ ਵਿਕਰਮ ਟੈਕਸਲਾ), ਰਿਟੇਲ ਕਰਿਆਨਾ ਐਸੋਸੀਏਸ਼ਨ (ਸੁਰੇਸ਼ ਕੁਮਾਰ), ਹੋਲਸੇਲ ਕਲਾਥ ਐਸੋਸੀਏਸ਼ਨ (ਬਿੰਦਰਪਾਲ ਘਰ, ਜੀਵਨ ਬਾਂਸਲ), ਆੜ੍ਹਤੀਆ ਐਸੋਸੀਏਸ਼ਨ (ਰਮੇਸ਼ ਟੋਨੀ), ਕੱਚਾ ਆੜ੍ਹਤੀਆ ਐਸੋਸੀਏਸ਼ਨ (ਚੰਦਰ ਕਾਂਤ ਕੁਕੀ), ਪ੍ਰਾਪਰਟੀ ਡੀਲਰ ਐਸੋਸੀਏਸ਼ਨ (ਬਲਜੀਤ ਕੁਮਾਰ ਸ਼ਰਮਾ), ਸਮਾਲ ਸਕੇਲ ਇੰਡਸਟਰੀ (ਸਤੀਸ਼ ਕੁਮਾਰ ਗੋਇਲ), ਸਵਰਨਕਾਰ ਸੰਘ (ਅਮਰਜੀਤ ਕਟੌਦੀਆ) ਅਤੇ ਵਪਾਰ ਮੰਡਲ (ਸੂਬਾਈ ਆਗੂ ਮੁਨੀਸ਼ ਕੁਮਾਰ ਬੱਬੀ), ਸੰਯੁਕਤ ਕਿਸਾਨ ਮੋਰਚਾ (SKM), ਖੇਤ ਮਜ਼ਦੂਰ ਸਭਾ, ਬਾਰ ਐਸੋਸੀਏਸ਼ਨ, ਸ਼ੂਜ਼ ਐਸੋਸੀਏਸ਼ਨ, ਆਟੋ ਚਾਲਕ ਯੂਨੀਅਨ, ਸਬਜ਼ੀ ਰੇੜੀ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਅਤੇ ਸਿਨੇਮਾ ਰੋਡ ਯੂਨੀਅਨ ਸ਼ਾਮਲ ਹਨ।
ਕਮੇਟੀ ਨੇ ਸਮੂਹ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਨੂੰ ਆਪਣੇ ਕਾਰੋਬਾਰ ਮੁਕੰਮਲ ਬੰਦ ਰੱਖ ਕੇ ਇਸ ਇਨਸਾਫ਼ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ।



