- ਡੀ.ਸੀ. ਰੂਪਨਗਰ ਨੂੰ ਸੌਂਪਿਆ ਨੋਟਿਸ
ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 18 ਜੂਨ (ਭਟੋਆ): ਪੰਜਾਬ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਅਤੇ ਹੋਰ ਕਿਰਤੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਸਫ਼ਾਈ ਮਜ਼ਦੂਰ ਸੰਘ ਯੂਨੀਅਨ (ਕੰਟਰੈਕਟ) ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ (ਡੀ.ਸੀ.), ਰੂਪਨਗਰ ਨੂੰ ਇੱਕ ਅਧਿਕਾਰਤ ਪੱਤਰ ਸੌਂਪ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ, ਤਾਂ 24 ਜੂਨ ਨੂੰ ਖਰੜ ਵਿਖੇ ਸਮੂਹਿਕ ਤੌਰ ‘ਤੇ ਚੱਕਾ ਜਾਮ ਕੀਤਾ ਜਾਵੇਗਾ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਸੰਘਰਸ਼ ਦੀ ਰੂਪਰੇਖਾ ਬੀਤੀ 13 ਜੂਨ ਨੂੰ ਜਗਰਾਉਂ ਵਿਖੇ ਸਫ਼ਾਈ ਯੂਨੀਅਨ ਪੰਜਾਬ ਦੀ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਤਿਆਰ ਕੀਤੀ ਗਈ ਸੀ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ‘ਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਅਤੇ ਸਰਕਾਰ ਦੇ ਇਸ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਹੀ 24 ਜੂਨ ਨੂੰ ਖਰੜ ਵਿਖੇ ਚੱਕਾ ਜਾਮ ਕਰਨ ਦਾ ਸਰਵਸੰਮਤੀ ਨਾਲ ਫ਼ੈਸਲਾ ਲਿਆ ਗਿਆ।
ਸਫ਼ਾਈ ਮਜ਼ਦੂਰ ਸੰਘ ਯੂਨੀਅਨ (ਕੰਟਰੈਕਟ) ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕੌਂਸਲ ਕੁਮਾਰ ਦੀ ਰਹਿਨੁਮਾਈ ਹੇਠ ਹੋਣ ਵਾਲੇ ਇਸ ਚੱਕਾ ਜਾਮ ਪ੍ਰਦਰਸ਼ਨ ਵਿੱਚ ਖੇਤਰ ਦੀਆਂ ਪ੍ਰਮੁੱਖ ਨਗਰ ਕੌਂਸਲਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਯੂਨੀਅਨ ਮੁਤਾਬਕ ਇਸ ਪ੍ਰਦਰਸ਼ਨ ਵਿੱਚ ਨਗਰ ਕੌਂਸਲ ਰੂਪਨਗਰ, ਨੰਗਲ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਸਫ਼ਾਈ ਕਰਮਚਾਰੀ ਸਮੂਹਿਕ ਰੂਪ ਵਿੱਚ ਸ਼ਾਮਲ ਹੋ ਕੇ ਚੱਕਾ ਜਾਮ ਕਰਨਗੇ।
ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਭੱਟੀ ਨੇ ਪੱਤਰ ਰਾਹੀਂ ਸਾਫ਼ ਕੀਤਾ ਹੈ ਕਿ ਕੰਟਰੈਕਟ (ਠੇਕਾ ਆਧਾਰਿਤ) ‘ਤੇ ਕੰਮ ਕਰਦੇ ਸਫ਼ਾਈ ਸੇਵਕਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਸਬੰਧੀ ਅਗਾਊਂ ਸੂਚਨਾ ਦੇ ਦਿੱਤੀ ਗਈ ਹੈ। ਜੇਕਰ ਚੱਕਾ ਜਾਮ ਦੌਰਾਨ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਦੀ ਹੋਵੇਗੀ।



