- ਦਰਦਨਾਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਤੋਂ ਡਿੱਗੇ ਨੌਜਵਾਨ ਨੂੰ ਦਰੜਿਆ
ਮੋਰਿੰਡਾ, 20 ਜੂਨ (ਭਟੋਆ): ਥਾਣਾ ਸਿਟੀ ਮੋਰਿੰਡਾ ਦੇ ਅਧੀਨ ਆਉਂਦੀ ਰੇਲਵੇ ਲਾਈਨ ਡੂਮਛੇੜੀ ਨੇੜੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਦੇਵ ਸਿੰਘ ਪੁੱਤਰ ਰਣਜੀਤ ਸਿੰਘ, ਵਾਸੀ ਪਿੰਡ ਪੰਜਕੋਹਾ, ਤਹਿਸੀਲ ਖਮਾਣੋ (ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ਵਜੋਂ ਹੋਈ ਹੈ। ਪੁਲਿਸ ਨੇ ਇਸ ਸਬੰਧੀ ਇੱਕ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਸਪੈਕਟਰ ਗਗਨਦੀਪ ਸਿੰਘ ਐਸਐਚਓ, ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਭੁਪਿੰਦਰ ਸਿੰਘ ਪੁੱਤਰ ਲੇਟ ਪਾਲ ਸਿੰਘ (ਮ੍ਰਿਤਕ ਦਾ ਚਚੇਰਾ ਭਰਾ) ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਬੀਤੀ ਰਾਤ ਉਸ ਦੇ ਚਾਚਾ ਰਣਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਲੜਕੇ ਜਗਦੇਵ ਸਿੰਘ ਮੋਰਿੰਡਾ ਵਿਖੇ ਕਿਸੇ ਨਾਲ ਲੜਾਈ ਹੋ ਗਈ, ਜਿਸ ਦੇ ਸਿਰ ਤੇ ਸੱਟ ਲੱਗਣ ਕਾਰਨ ਉਹ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਦੋਂ ਉਹ ਆਪਣੇ ਚਾਚਾ ਅਤੇ ਦੂਜੇ ਭਰਾ ਸੁਖਵਿੰਦਰ ਸਿੰਘ ਨਾਲ ਮੋਰਿੰਡਾ ਹਸਪਤਾਲ ਪੁੱਜੇ, ਤਾਂ ਪਤਾ ਲੱਗਾ ਕਿ ਜਗਦੇਵ ਸਿੰਘ ਮੁਢਲੀ ਸਹਾਇਤਾ ਲੈ ਕੇ ਉੱਥੋ ਜਾ ਚੁੱਕਾ ਸੀ।ਭੁਪਿੰਦਰ ਸਿੰਘ ਅਨੁਸਾਰ ਮੋਰਿੰਡਾ ਤੋ ਵਾਪਸੀ ਦੌਰਾਨ ਤੜਕੇ ਕਰੀਬ 4:15 ਵਜੇ ਜਗਦੇਵ ਸਿੰਘ ਉਨ੍ਹਾਂ ਨੂੰ ਸਰਹਿੰਦ ਬਾਈਪਾਸ ਮੋਰਿੰਡਾ ਪੁੱਲ ਦੇ ਹੇਠਾਂ ਮਿਲ ਗਿਆ। ਇਸ ਤੋਂ ਬਾਅਦ ਜਗਦੇਵ ਸਿੰਘ ਭੁਪਿੰਦਰ ਸਿੰਘ ਦੇ ਬੁਲੇਟ ਮੋਟਰਸਾਈਕਲ (ਨੰਬਰ PB-49D-3543) ਦੇ ਪਿੱਛੇ ਬੈਠ ਗਿਆ। ਜਦੋਂ ਉਹ ਰੇਲਵੇ ਲਾਈਨ ਡੂਮਛੇੜੀ ਦੇ ਨੇੜੇ ਪਹੁੰਚੇ, ਤਾਂ ਅਚਾਨਕ ਮੋਟਰਸਾਈਕਲ ਕਿਸੇ ਪੱਥਰ ਦੇ ਉੱਪਰ ਦੀ ਲੰਘਣ ਕਾਰਨ ਜਗਦੇਵ ਸਿੰਘ ਸੰਤੁਲਨ ਵਿਗੜਨ ਕਰਕੇ ਸੜਕ ‘ਤੇ ਡਿੱਗ ਗਿਆ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਦੇ ਨਾਮਾਲੂਮ ਚਾਲਕ ਨੇ ਕਾਰ ਜਗਦੇਵ ਸਿੰਘ ਦੇ ਉੱਪਰ ਦੀ ਲੰਘਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਨਾ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜਾਂਚ ਅਫ਼ਸਰ ਏਐਸਆਈ. ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪ੍ਰਾਈਵੇਟ ਵਾਹਨ ਦਾ ਪ੍ਰਬੰਧ ਕਰਕੇ ਮ੍ਰਿਤਕ ਜਗਦੇਵ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਦੇ ਡੈੱਡ ਹਾਊਸ ਵਿਖੇ ਰੱਖਵਾਇਆ ਗਿਆ ਹੈ।
ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ BNS ਦੀਆਂ ਧਾਰਾਵਾਂ ਤਹਿਤ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਫਰਾਰ ਹੋਏ ਨਾਮਾਲੂਮ ਕਾਰ ਚਾਲਕ ਦੀ ਭਾਲ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



