ਪੰਜਾਬ ‘ਚ ਮਾਨਸੂਨ ਦੀ ਦਸਤਕ! ਮੋਹਾਲੀ-ਚੰਡੀਗੜ੍ਹ ‘ਚ ਭਾਰੀ ਮੀਂਹ ਨਾਲ ਸ਼ੁਰੂਆਤ; ਕਈ ਜ਼ਿਲ੍ਹਿਆਂ ਲਈ ਮੌਸਮ ਵਿਭਾਗ ਦਾ ਅਲਰਟ
ਮੋਹਾਲੀ/ਚੰਡੀਗੜ੍ਹ, 19 ਜੁਲਾਈ 2026: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਅਤੇ ਉਮਸ ਤੋਂ ਬਾਅਦ ਐਤਵਾਰ ਸਵੇਰੇ ਮੌਸਮ ਨੇ ਕਰਵਟ ਲੈ ਲਈ। ਸੂਬੇ ਦੇ ਕਈ ਹਿੱਸਿਆਂ ਵਿੱਚ ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ ਮੀਂਹ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਲੋਕਾਂ ਨੂੰ ਗਰਮੀ ਅਤੇ ਨਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਖ਼ਬਰ ਲਿਖੇ ਜਾਣ ਤੱਕ ਮੌਸਮ ਸਾਫ਼ ਬਣਿਆ ਹੋਇਆ ਸੀ।
ਮੌਸਮ ਵਿਭਾਗ ਨੇ ਸਵੇਰੇ 7:45 ਵਜੇ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਮੀਂਹ ਦਾ ਅਧਿਕਾਰਤ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਮੋਹਾਲੀ, ਬੱਸੀ ਪਠਾਣਾਂ, ਖਰੜ, ਚਮਕੌਰ ਸਾਹਿਬ, ਸਮਰਾਲਾ, ਰੂਪਨਗਰ, ਫਗਵਾੜਾ, ਜਲੰਧਰ, ਬਲਾਚੌਰ, ਨਵਾਂਸ਼ਹਿਰ, ਸ੍ਰੀ ਆਨੰਦਪੁਰ ਸਾਹਿਬ, ਬਾਘਾਪੁਰਾਣਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਅਤੇ ਧਾਰ ਕਲਾਂ ਸਮੇਤ ਕਈ ਇਲਾਕਿਆਂ ਵਿੱਚ ਦਰਮਿਆਨੇ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਸੁਨਾਮ, ਸੰਗਰੂਰ, ਬਰਨਾਲਾ, ਧੂਰੀ, ਮਲੇਰਕੋਟਲਾ, ਸਮਾਣਾ, ਪਟਿਆਲਾ, ਨਾਭਾ, ਅਮਲੋਹ, ਖੰਨਾ, ਪਾਇਲ, ਲੁਧਿਆਣਾ, ਮੋਗਾ, ਸ਼ਾਹਕੋਟ, ਤਰਨਤਾਰਨ, ਖਡੂਰ ਸਾਹਿਬ, ਰਾਏਕੋਟ, ਜਗਰਾਓਂ, ਫਿਲੌਰ, ਨਕੋਦਰ, ਕਪੂਰਥਲਾ, ਗੜ੍ਹਸ਼ੰਕਰ, ਹੁਸ਼ਿਆਰਪੁਰ, ਬਾਬਾ ਬਕਾਲਾ, ਅੰਮ੍ਰਿਤਸਰ ਅਤੇ ਬਟਾਲਾ ਸਮੇਤ ਹੋਰ ਇਲਾਕਿਆਂ ਵਿੱਚ ਹਲਕੇ ਮੀਂਹ ਜਾਂ ਕਿਣਮਿਣ ਦੇ ਆਸਾਰ ਜਤਾਏ ਗਏ ਹਨ।
ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਮਾਨਸੂਨ ਦੀ ਇਹ ਸਰਗਰਮੀ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਹੋ ਸਕਦੀ ਹੈ, ਜਿਸ ਨਾਲ ਸੂਬੇ ਦੇ ਵੱਧਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ‘ਤੇ ਨਜ਼ਰ ਰੱਖਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਖਾਸ ਕਰਕੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।



