ਭਾਰੀ ਮੀਂਹ ਕਾਰਨ ਕੱਚਾ ਮਕਾਨ ਡਿੱਗਿਆ, 4 ਬੱਚਿਆਂ ਸਮੇਤ 5 ਦੀ ਮੌਤ
ਮੁਜ਼ੱਫਰਨਗਰ, 20 ਜੁਲਾਈ 2026
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਇੱਕ ਕੱਚਾ ਮਕਾਨ ਅਚਾਨਕ ਢਹਿ-ਢੇਰੀ ਹੋ ਗਿਆ, ਜਿਸ ਵਿੱਚ ਦੱਬ ਕੇ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 4 ਮਾਸੂਮ ਬੱਚੇ ਵੀ ਸ਼ਾਮਲ ਹਨ, ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਦਰਦਨਾਕ ਹਾਦਸਾ ਜ਼ਿਲ੍ਹੇ ਦੇ ਫੁਗਾਨਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਹਬੀਬਪੁਰ ਵਿੱਚ ਐਤਵਾਰ ਨੂੰ ਵਾਪਰਿਆ। ਲਗਾਤਾਰ ਹੋ ਰਹੀ ਮੀਂਹ ਕਾਰਨ ਪਰਿਵਾਰ ਦਾ ਕੱਚਾ ਘਰ ਕਮਜ਼ੋਰ ਹੋ ਗਿਆ ਸੀ, ਜੋ ਅਚਾਨਕ ਡਿੱਗ ਗਿਆ। ਹਾਦਸੇ ਸਮੇਂ ਪਰਿਵਾਰਕ ਮੈਂਬਰ ਘਰ ਦੇ ਅੰਦਰ ਹੀ ਮੌਜੂਦ ਸਨ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਪੀੜਤਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਬੁੜਾਨਾ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰਾਂ ਨੇ ਦੱਸਿਆ ਕਿ ਜਿਨ੍ਹਾਂ 5 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਉਨ੍ਹਾਂ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਸੀ। ਮ੍ਰਿਤਕਾਂ ਦੀ ਪਛਾਣ ਇਸਲਾਮੂਦੀਨ (52 ਸਾਲ), ਜ਼ੀਸ਼ਾਨ (8 ਮਹੀਨੇ), ਆਹਦ (2 ਸਾਲ), ਅਲਸ਼ਿਫਾ (5 ਸਾਲ) ਅਤੇ ਰੁਖ਼ਸਾਰ (ਲਗਭਗ 12 ਸਾਲ) ਵਜੋਂ ਹੋਈ ਹੈ।
ਇਸ ਹਾਦਸੇ ਵਿੱਚ ਦੋ ਹੋਰ ਬੱਚੀਆਂ, ਰੁਕਈਆ ਅਤੇ ਸੁਮਈਆ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈਆਂ ਹਨ। ਬੁੜਾਨਾ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਉੱਚ ਕੇਂਦਰ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਲਗਾਤਾਰ ਮੀਂਹ ਕਾਰਨ ਕਮਜ਼ੋਰ ਹੋਏ ਕੱਚੇ ਮਕਾਨਾਂ ਵਿੱਚ ਰਹਿ ਰਹੇ ਲੋਕਾਂ ਲਈ ਇਹ ਹਾਦਸਾ ਇੱਕ ਵੱਡੀ ਚੇਤਾਵਨੀ ਹੈ। ਮੁੱਖ ਮੰਤਰੀ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜਾ ਰਹੀ ਹੈ।



