ਭਾਰਤ ਅਤੇ ਚੀਨ ਵਿਚਾਲੇ 6 ਸਾਲ ਬਾਅਦ ਮੁੜ ਵਪਾਰ ਸ਼ੁਰੂ

Top Trending News ਰਾਸ਼ਟਰੀ
  • ਭਾਰਤ ਅਤੇ ਚੀਨ ਵਿਚਾਲੇ 6 ਸਾਲ ਬਾਅਦ ਮੁੜ ਵਪਾਰ ਸ਼ੁਰੂ

ਚੰਡੀਗੜ੍ਹ, 3 ਅਗਸਤ 2026 (ਦੇਸ਼ ਕਲਿੱਕ ਬਿਊਰੋ): 1 ਅਗਸਤ ਨੂੰ ਭਾਰਤ ਅਤੇ ਚੀਨ ਵਿਚਕਾਰ ਛੇ ਸਾਲਾਂ ਬਾਅਦ ਸਿੱਕਮ ਦੇ ਨਾਥੂ ਲਾ ਦੱਰੇ ਰਾਹੀਂ ਸਰਹੱਦੀ ਵਪਾਰ ਮੁੜ ਸ਼ੁਰੂ ਹੋ ਗਿਆ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਸਰਹੱਦੀ ਤਣਾਅ ਕਾਰਨ 2020 ਵਿੱਚ ਇਹ ਵਪਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਇਹ ਵਪਾਰ ਪੂਰਬੀ ਸਿੱਕਮ ਵਿੱਚ ਨਾਥੂ ਲਾ ਦੱਰੇ ਅਤੇ ਉੱਤਰਾਖੰਡ ਵਿੱਚ ਲਿਪੁਲੇਖ ਦੱਰੇ ਰਾਹੀਂ ਮੁੜ ਸ਼ੁਰੂ ਹੋਇਆ ਹੈ।

ਇਸ ਤੋਂ ਪਹਿਲਾਂ, ਭਾਰਤ ਦੇ ਨਾਥੂ ਲਾ ਦੱਰੇ ਵਿੱਚੋਂ ਲੰਘਦੀ ਪੁਰਾਣੀ ਸਿਲਕ ਰੋਡ ਨੂੰ ਜੁਲਾਈ 2006 ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ। ਇਸ ਨਾਲ ਦੋਵਾਂ ਦੇਸ਼ਾਂ ਵਿੱਚ ਨਾਥੂ ਲਾ ਦੱਰੇ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਆਰਥਿਕ ਖੁਸ਼ਹਾਲੀ ਲਿਆਉਣ ਵਿੱਚ ਮਦਦ ਮਿਲਣ ਦੀ ਵੀ ਉਮੀਦ ਸੀ। ਨਾਥੂ ਲਾ ਦੱਰੇ ਰਾਹੀਂ ਸਰਹੱਦੀ ਵਪਾਰ ਅਧਿਕਾਰਤ ਤੌਰ ‘ਤੇ ਹਰ ਸਾਲ ਲਗਭਗ ਛੇ ਮਹੀਨਿਆਂ ਲਈ, ਮਈ ਤੋਂ ਨਵੰਬਰ ਤੱਕ ਖੁੱਲ੍ਹਾ ਰਹਿੰਦਾ ਹੈ।

ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸੋਮਵਾਰ ਤੋਂ ਵੀਰਵਾਰ ਤੱਕ ਚੱਲੇਗਾ। ਇਸ ਸਾਲ ਪਹਿਲੇ ਪੜਾਅ ਵਿੱਚ, 38 ਰਜਿਸਟਰਡ ਸਥਾਨਕ ਵਪਾਰੀਆਂ ਨੂੰ ਪਾਸ ਜਾਰੀ ਕੀਤੇ ਗਏ ਸਨ, ਜੋ ਦਸਤਕਾਰੀ ਅਤੇ ਹੱਥ-ਖੱਡੀ ਉਤਪਾਦਾਂ ਸਮੇਤ ਲਗਭਗ 36 ਪ੍ਰਵਾਨਿਤ ਵਸਤੂਆਂ ਦਾ ਆਦਾਨ-ਪ੍ਰਦਾਨ ਕਰਨਗੇ। ਇਸ ਦੇ ਨਾਲ, ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਸ਼ਿਪਕੀ-ਲਾ ਰਾਹੀਂ ਲਗਭਗ ਛੇ ਸਾਲਾਂ ਬਾਅਦ ਭਾਰਤ ਅਤੇ ਚੀਨ ਵਿਚਕਾਰ ਸਰਹੱਦ ਪਾਰ ਵਪਾਰ ਵੀ ਮੁੜ ਸ਼ੁਰੂ ਹੋ ਗਿਆ ਹੈ। 1962 ਤੋਂ 44 ਸਾਲਾਂ ਬਾਅਦ, 6 ਜੁਲਾਈ, 2006 ਨੂੰ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਲਈ ਸਰਹੱਦ ਖੋਲ੍ਹੀ ਗਈ ਸੀ।