ਵਰਿੰਦਰ ਢਿੱਲੋਂ ਖ਼ਿਲਾਫ਼ ਚੰਡੀਗੜ੍ਹ ’ਚ FIR ਦਰਜ, ਦਲਿਤ ਆਗੂ ਨਾਲ ਕੁੱਟਮਾਰ ਦੇ ਦੋਸ਼

Top Trending News ਪੰਜਾਬ
  • ਵਰਿੰਦਰ ਢਿੱਲੋਂ ਖ਼ਿਲਾਫ਼ ਚੰਡੀਗੜ੍ਹ ’ਚ FIR ਦਰਜ, ਦਲਿਤ ਆਗੂ ਨਾਲ ਕੁੱਟਮਾਰ ਦੇ ਦੋਸ਼

ਚੰਡੀਗੜ੍ਹ: 5 ਨਵੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਵਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-11 ਪੁਲਿਸ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ’ਤੇ ਕਾਂਗਰਸ ਭਵਨ ਵਿੱਚ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕੁੱਟਮਾਰ ਕਰਨ, ਜਾਤੀਸੂਚਕ ਸ਼ਬਦ ਬੋਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹਨ। ਇਸ ਸਬੰਧੀ ਤਰਖਾਣ ਮਾਜਰਾ ਵੱਲੋਂ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਕਾਨਫਰੰਸ ਵਿੱਚ ਚੁੱਕਿਆ ਸੀ ਮਾਮਲਾ
ਆਮ ਆਦਮੀ ਪਾਰਟੀ ਦੇ ਆਗੂ ਅਤੇ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਮਾਮਲਾ ਚੁੱਕਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ 27 ਅਕਤੂਬਰ ਨੂੰ ਦੁਪਹਿਰ ਸਮੇਂ ਸੈਕਟਰ-15 ਸਥਿਤ ਕਾਂਗਰਸ ਭਵਨ ਵਿੱਚ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕੁੱਟਮਾਰ ਕੀਤੀ ਗਈ ਸੀ। ਗੜ੍ਹੀ ਮੁਤਾਬਕ, ਰਣਜੀਤ ਸਿੰਘ ਵਾਸ਼ਰੂਮ ਗਏ ਸਨ ਅਤੇ ਬਾਹਰ ਆਉਣ ਤੋਂ ਬਾਅਦ ਵਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਮੌਕੇ ’ਤੇ ਮੌਜੂਦ ਸਨ ਹੋਰ ਆਗੂ ਤੇ ਵਰਕਰ
ਗੜ੍ਹੀ ਨੇ ਦੋਸ਼ ਲਾਇਆ ਸੀ ਕਿ ਘਟਨਾ ਸਮੇਂ ਕਾਂਗਰਸ ਭਵਨ ਵਿੱਚ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ, ਪਰ ਕਿਸੇ ਨੇ ਵੀ ਰਣਜੀਤ ਸਿੰਘ ਨੂੰ ਬਚਾਉਣ ਲਈ ਦਖ਼ਲ ਨਹੀਂ ਦਿੱਤਾ। ਉਨ੍ਹਾਂ ਇਸ ਘਟਨਾ ਨੂੰ ਲੈ ਕੇ ਕਾਂਗਰਸ ਦੀ ਦਲਿਤਾਂ ਪ੍ਰਤੀ ਸੋਚ ’ਤੇ ਵੀ ਸਵਾਲ ਚੁੱਕੇ ਸਨ।

ਚੰਨੀ ਨਾਲ ਨਜ਼ਦੀਕੀ ਦਾ ਵੀ ਕੀਤਾ ਸੀ ਜ਼ਿਕਰ
ਗੜ੍ਹੀ ਨੇ ਵਰਿੰਦਰ ਸਿੰਘ ਢਿੱਲੋਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਜ਼ਦੀਕੀ ਸਬੰਧ ਹੋਣ ਦਾ ਵੀ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਢਿੱਲੋਂ ਕਈ ਮੌਕਿਆਂ ’ਤੇ ਚੰਨੀ ਨਾਲ ਨਜ਼ਰ ਆਉਂਦੇ ਰਹੇ ਹਨ ਅਤੇ ਪਹਿਲਾਂ ਵੀ ਉਨ੍ਹਾਂ ਦੇ ਸਮਰਥਨ ਵਿੱਚ ਬਿਆਨ ਦੇ ਚੁੱਕੇ ਹਨ।