- ਦਲਜੀਤ ਸਿੰਘ ਦਾ ਮੌਤ ਤੋਂ 8 ਦਿਨ ਬਾਅਦ ਅੰਤਿਮ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ
ਮਾਨਸਾ, 5 ਨਵੰਬਰ (ਦੇਸ਼ ਕਲਿੱਕ ਬਿਊਰੋ): ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦਾ ਵੀਰਵਾਰ ਨੂੰ ਮੌਤ ਤੋਂ ਅੱਠਵੇਂ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਭੈਣ ਅਮਰਜੀਤ ਕੌਰ ਨੇ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ।
ਇਸ ਮਾਮਲੇ ਵਿੱਚ ਹੁਣ ਦਲਜੀਤ ਸਿੰਘ ਦੀ ਮੌਤ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਗ੍ਰਿਫ਼ਤਾਰ ਨੌਜਵਾਨ ਦੀ ਭੈਣ ਨੇ ਇਹ ਫੁਟੇਜ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਦਲਜੀਤ ਸਿੰਘ ਦਾ ਕਤਲ ਨਹੀਂ ਹੋਇਆ, ਸਗੋਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਉਸ ਦੀ ਮੌਤ ਹੋਈ ਹੈ।
ਉਸ ਨੇ ਦਾਅਵਾ ਕੀਤਾ ਕਿ ਸੀਸੀਟੀਵੀ ਫੁਟੇਜ ਵਿੱਚ ਦਲਜੀਤ ਸਿੰਘ ਟੀਕਾ ਲੈ ਕੇ ਬਾਥਰੂਮ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਭਰਾ ਨੂੰ ਕਤਲ ਦੇ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਪੁਲਿਸ ਤੋਂ ਸੀਸੀਟੀਵੀ ਫੁਟੇਜ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਦੀ ਲਾਸ਼ 27 ਅਕਤੂਬਰ ਦੀ ਸਵੇਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਾਨੰਦੀ ਨੇੜੇ ਖੇਤਾਂ ਵਿੱਚੋਂ ਮਿਲੀ ਸੀ। ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਕਤਲ ਦਾ ਖ਼ਦਸ਼ਾ ਜਤਾਇਆ ਸੀ। ਹੁਣ ਸਾਹਮਣੇ ਆਈ ਸੀਸੀਟੀਵੀ ਫੁਟੇਜ ਅਤੇ ਇਸ ਨਾਲ ਜੁੜੇ ਦਾਅਵਿਆਂ ਤੋਂ ਬਾਅਦ ਮਾਮਲੇ ਦੀ ਜਾਂਚ ਹੋਰ ਅਹਿਮ ਹੋ ਗਈ ਹੈ।




