ਮੋਗਾ, 5 ਨਵੰਬਰ (ਦੇਸ਼ ਕਲਿੱਕ ਬਿਊਰੋ): ਮੋਗਾ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਖ਼ਤਮ ਹੋ ਗਈ ਹੈ। ਇਹ ਕਾਰਵਾਈ ਲਗਭਗ 35 ਘੰਟੇ ਤੱਕ ਚੱਲੀ। ਜਾਂਚ ਟੀਮ ਨੇ ਸਿਟੀ ਰੋਡ ਸਥਿਤ ਉਨ੍ਹਾਂ ਦੇ ਦੂਜੇ ਫਲੈਟ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਉੱਥੋਂ ਵਾਪਸੀ ਕਰ ਲਈ। ਇਸ ਫਲੈਟ ਵਿੱਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਐਡਵੋਕੇਟ ਵਰਿੰਦਰ ਰੱਤੀਆਂ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਮਾਮਲੇ ਨਾਲ ਸਬੰਧਤ ਕੁਝ ਦਸਤਾਵੇਜ਼ ਮੰਗੇ ਗਏ ਸਨ। ਇਨ੍ਹਾਂ ਵਿੱਚ ਮੋਗਾ ਅਦਾਲਤ ਅਤੇ ਲੋਕਪਾਲ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਸਨ। ਉਨ੍ਹਾਂ ਮੁਤਾਬਕ, ਇਹ ਮਾਮਲਾ ਭ੍ਰਿਸ਼ਟਾਚਾਰ ਦੀ ਇੱਕ ਸ਼ਿਕਾਇਤ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਪਹਿਲਾਂ ਹੀ ਵਾਪਸ ਲਿਆ ਜਾ ਚੁੱਕਾ ਸੀ।
ਜੀਰਾ ਵਿੱਚ ਮੁਅੱਤਲ ਪਟਵਾਰੀ ਦੇ ਘਰ ਵੀ ED ਦੀ ਰੇਡ
ਇਸੇ ਦੌਰਾਨ ਵੀਰਵਾਰ ਸਵੇਰੇ ED ਦੀ ਇੱਕ ਹੋਰ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਵਿੱਚ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੇ ਘਰ ਛਾਪੇਮਾਰੀ ਕੀਤੀ। ਨਵਦੀਪ ਸਿੰਘ ਪਹਿਲਾਂ ਮੋਗਾ ਵਿੱਚ ਤਾਇਨਾਤ ਰਹਿ ਚੁੱਕਾ ਹੈ। ਉਸ ਦੇ ਘਰ ਦੇ ਬਾਹਰ ਸੀਆਰਪੀਐੱਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਨਵਦੀਪ ਸਿੰਘ ਦਾ ਮੋਗਾ ਦੀ ਵਿਧਾਇਕਾ ਨਾਲ ਕੀ ਸਬੰਧ ਹੈ। ਦੋਵਾਂ ਥਾਵਾਂ ’ਤੇ ਹੋਈ ਕਾਰਵਾਈ ਵਿਚਾਲੇ ਕਿਸੇ ਸਿੱਧੇ ਸਬੰਧ ਦੀ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ ਪਟਵਾਰੀ
ਜਾਣਕਾਰੀ ਅਨੁਸਾਰ, ਨਵਦੀਪ ਸਿੰਘ ਮੋਗਾ ਦੇ ਧਰਮਕੋਟ ਵਿੱਚ ਪਟਵਾਰੀ ਵਜੋਂ ਤਾਇਨਾਤ ਰਹਿ ਚੁੱਕਾ ਹੈ। ਉਸ ਖ਼ਿਲਾਫ਼ 16 ਜੂਨ 2024 ਨੂੰ ਧਰਮਕੋਟ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਮਾਲ ਵਿਭਾਗ ਵੱਲੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਨਵਦੀਪ ਸਿੰਘ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਹ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਅਤੇ 7 ਜੁਲਾਈ 2026 ਨੂੰ ਜ਼ਮਾਨਤ ਮਿਲਣ ਮਗਰੋਂ ਜੇਲ੍ਹ ਤੋਂ ਬਾਹਰ ਆਇਆ ਸੀ। ਹੁਣ ED ਵੱਲੋਂ ਉਸ ਦੇ ਘਰ ਕੀਤੀ ਜਾ ਰਹੀ ਜਾਂਚ ਨੂੰ ਲੈ ਕੇ ਹੋਰ ਵੇਰਵਿਆਂ ਦੀ ਉਡੀਕ ਹੈ।




