- ਡਰੋਨ ਦੀ ਮਦਦ ਨਾਲ ਰੱਖੀ ਜਾ ਰਹੀ ਹੈ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਉੱਤੇ ਅੱਖ
- ਸੂਝਵਾਨ ਕਿਸਾਨਾਂ ਵੱਲੋਂ ਪਰਾਲੀ ਦਾ ਪਰਬੰਧਨ ਖੇਤਾਂ ਵਿਚ ਹੀ ਗੱਠਾਂ ਬਣਾ ਕੇ ਕੀਤਾ ਜਾ ਰਿਹਾ ਹੈ
- ਜ਼ਿਲ੍ਹੇ ਭਰ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸਬੰਧੀ ਟੀਮਾਂ ਮੁਸਤੈਦ
ਬਠਿੰਡਾ, 5 ਨਵੰਬਰ (ਦੇਸ਼ ਕਲਿੱਕ ਬਿਊਰੋ): ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਅਤੇ ਇਸ ਸਬੰਧੀ ਖੇਤਾਂ ਉੱਤੇ ਤਿੱਖੀ ਨਜ਼ਰ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰੋਨ ਕੈਮਰਾ ਦੀ ਮਦਦ ਨਾਲ ਮੋਨੀਟਰਿੰਗ ਦਾ ਕੰਮ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨੂੰ ਅੱਗ ਲਗਾਉਣ ਕਾਰਣ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਡਰੋਨ ਕੈਮਰਾ ਦੀ ਮਦਦ ਲਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਉੱਤੇ ਬਣਾਏ ਗਏ ਰੋਸਟਰ ਅਨੁਸਾਰ ਇਹ ਕੈਮਰਾ ਵਰਤੋਂ ਵਿਚ ਕੇ ਖੇਤਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਪਿੰਡ ਬਾਲਿਆਂਵਾਲੀ ਵਿਖੇ ਨੋਡਲ ਅਫਸਰ ਵੱਲੋਂ ਨਿਰੀਖਣ ਕੀਤਾ ਗਿਆ ।
ਇਸ ਤੋਂ ਇਲਾਵਾ ਪਿੰਡ-ਪਿੰਡ ਤੱਕ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੰਦੇਸ਼ ਦਿੰਦੇ ਓਏ ਨੋਡਲ ਅਫਸਰਾਂ ਵੱਲੋਂ ਪਿੰਡ ਬਗੇਹਰ ਚੜ੍ਹਤ ਸਿੰਘ, ਸੰਦੋਹਾ, ਮਾੜੀ, ਮਾਈਸਰਖਾਨਾ, ਮੰਡੀ ਕਲਾਂ, ਖੋਖਰ, ਝੰਡੂਕੇ, ਗੋਲੇਵਾਲਾ, ਨੱਤ, ਜੱਜਲ, ਰਾਮਾਂ , ਲਹਿਰੀ, ਜੋਧਪੁਰ ਬੱਗਾ ਸਿੰਘ, ਰਾਈਆ, ਨਸੀਬਪੁਰਾ, ਜੀਵਨ ਸਿੰਘ ਵਾਲਾ ਸਮੇਤ ਹੋਰ ਕਈ ਪਿੰਡਾਂ ਵਿਚ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪਰਾਲੀ ਦਾ ਖੇਤਾਂ ਵਿਚ ਹੀ ਪ੍ਰਬੰਧਨ ਕਰਨ ਸਬੰਧੀ ਪ੍ਰੇਰਿਆ ਗਿਆ। ਨਾਲ ਹੀ ਪਿੰਡਾਂ ਚ ਮੌਜੂਦ ਗ਼ੁਰੂ ਘਰਾਂ ਅਤੇ ਮੰਦਰਾਂ ਦੀ ਮਦਦ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੁਨੇਹਾ ਲੋਕਾਂ ਤੱਕ ਮੁਨਾਦੀ ਕਰਕੇ ਪਹੁੰਚਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਈ ਕਿਸਾਨ ਵੀਰਾਂ ਵੱਲੋਂ ਪਰਾਲੀ ਦਾ ਪ੍ਰਬੰਧਨ ਖੇਤਾਂ ਵਿਚ ਹੀ ਕਰਕੇ ਬਾਕੀ ਕਿਸਾਨਾਂ ਲਈ ਮਿਸਾਲ ਬਣ ਰਹੇ ਹਨ। ਪਿੰਡ ਭੈਣੀ ਚੂਹੜ ਵਿਖੇ ਕਿਸਾਨ ਗੁਰਪ੍ਰੀਤ ਸਿੰਘ ਆਪਣੀ 50 ਏਕੜ ਜ਼ਮੀਨ ਵਿਚ ਬਿਨਾਂ ਅੱਗ ਲਗਾਏ ਪ੍ਰਬੰਧਨ ਕਰ ਰਿਹਾ ਹੈ । ਕਿਸਾਨ ਨੇ ਪਰਾਲੀ ਦੇ ਕਰਚਿਆਂ ਦੀ ਮਲਚਿੰਗ ਕਰਕੇ ਉਲਟਾਵੇਂ ਹਲਾਂ ਨਾਲ ਪਰਾਲੀ ਧਰਤੀ ਵਿਚ ਦੱਬੀ ਹੈ । ਹੁਣ ਹੈਪੀ ਸੀਡਰ ਜਾਂ ਰੋਟਾਵੇਟਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰੇਗਾ। ਇਸ ਕਿਸਾਨ ਵੀਰ ਪਰਾਲੀ ਨੂੰ ਅੱਗ ਲਗਾਏ ਉਸ ਦਾ ਨਿਬੇੜਾ ਕੀਤਾ ਜਾ ਰਿਹਾ ਹੈ।




