BREAKING -ਸਿਹਤ ਮੰਤਰੀ ਦੇ ਬਿਆਨ ’ਤੇ ਸਿਆਸੀ ਘਮਾਸਾਣ, ਬੋਲੇ- ਰਾਹੁਲ ਗਾਂਧੀ ਦੇ ਇਸ਼ਾਰੇ ਦੀ ਉਡੀਕ ਕਰ ਰਹੇ 40 ਲੱਖ ਨੌਜਵਾਨ; ਭਾਜਪਾ ਨੇ ਘੇਰੀ ਕਾਂਗਰਸ!
ਨਵੀਂ ਦਿੱਲੀ, 6 ਨਵੰਬਰ 2026: ਝਾਰਖੰਡ ਦੇ ਸਿਹਤ ਮੰਤਰੀ ਡਾ. ਇਰਫਾਨ ਅੰਸਾਰੀ ਦੇ ਇੱਕ ਬਿਆਨ ਨੇ ਦੇਸ਼ ਦੀ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦੇਸ਼ ਦੇ 40 ਲੱਖ ਨੌਜਵਾਨ ਰਾਹੁਲ ਗਾਂਧੀ ਦੇ ਇੱਕ ਇਸ਼ਾਰੇ ਦੀ ਉਡੀਕ ਕਰ ਰਹੇ ਹਨ ਅਤੇ ਸੜਕਾਂ ’ਤੇ ਉਤਰਨ ਲਈ ਤਿਆਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਧਾਨ ਮੰਤਰੀ ਨੇ ਹਾਲਾਤ ਵੱਲ ਧਿਆਨ ਨਾ ਦਿੱਤਾ ਤਾਂ ਦੇਸ਼ ਦੀ ਸਥਿਤੀ ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਮਾੜੀ ਹੋ ਸਕਦੀ ਹੈ।
ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਸਾਰੀ ਨੇ ਕਿਹਾ ਕਿ ਕਿਸਾਨ, ਮੱਧ ਵਰਗ, ਦਲਿਤ, ਆਦਿਵਾਸੀ ਅਤੇ ਮੁਸਲਿਮ ਵਰਗ ਸਮੇਤ ਕਈ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਚੋਣ ਕਮਿਸ਼ਨ ਅਤੇ ਐਸਆਈਆਰ ਪ੍ਰਕਿਰਿਆ ’ਤੇ ਵੀ ਸਵਾਲ ਉਠਾਏ।
ਇਸ ਬਿਆਨ ’ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਅਤੇ ਆਗੂ ਸੀ.ਆਰ. ਕੇਸ਼ਵਨ ਨੇ ਇਸ ਨੂੰ ਕਾਂਗਰਸ ਦੀ ਅਰਾਜਕਤਾ ਫੈਲਾਉਣ ਵਾਲੀ ਰਣਨੀਤੀ ਕਰਾਰ ਦਿੱਤਾ। ਭੰਡਾਰੀ ਨੇ ਦੋਸ਼ ਲਾਇਆ ਕਿ ਇਹ ਲੋਕਤੰਤਰੀ ਵਿਰੋਧ ਦੀ ਬਜਾਏ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰਨ ਦਾ ਸੱਦਾ ਹੈ। ਇਸ ਬਿਆਨ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਬਹਿਸ ਤੇਜ਼ ਹੋ ਗਈ ਹੈ।




