ਪੰਜਾਬ ‘ਚ ਅੱਜ ਅਤੇ ਕੱਲ੍ਹ ਪਵੇਗਾ ਭਰਵਾਂ ਮੀਂਹ, ਮੌਸਮ ਵਿਭਾਗ ਦੀ ਭਵਿੱਖਬਾਣੀ!
ਮੌਸਮ ਵਿਭਾਗ ਵੱਲੋਂ ਪੰਜਾਬ ਅੰਦਰ 5 ਅਤੇ 6 ਅਗਸਤ ਨੂੰ ਪੰਜਾਬ ਵਿੱਚ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ
ਚੰਡੀਗੜ੍ਹ, 5 ਅਗਸਤ 2026-
ਮੌਸਮ ਵਿਭਾਗ ਨੇ ਪੰਜਾਬ ਵਿੱਚ ਮੌਜੂਦਾ ਮੌਨਸੂਨ ਦੀ ਸਰਗਰਮੀ ਨੂੰ ਆਮ ਦੱਸਦਿਆਂ 5 ਅਤੇ 6 ਅਗਸਤ ਨੂੰ ਸੂਬੇ ਭਰ ਵਿੱਚ ਭਰਵਾਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਅਨੁਸਾਰ 10 ਅਗਸਤ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੇ ਆਸਾਰ ਹਨ। ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸੂਬੇ ਦੀਆਂ ਪੂਰਬੀ ਸਰਹੱਦਾਂ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਵਧੇਰੇ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਮੱਧ ਅਤੇ ਉੱਪਰਲੇ ਵਾਯੂਮੰਡਲ ਵਿੱਚ ਇੱਕ ਪੱਛਮੀ ਗੜਬੜੀ ਬਣੀ ਹੋਈ ਹੈ, ਜੋ ਉੱਤਰ-ਪੱਛਮੀ ਪਾਕਿਸਤਾਨ ਅਤੇ ਨਾਲ ਲੱਗਦੇ ਅਫ਼ਗਾਨਿਸਤਾਨ ਦੇ ਖੇਤਰ ਵਿੱਚ ਸਰਗਰਮ ਹੈ। ਇਸ ਦੇ ਨਾਲ ਹੀ ਉੱਤਰੀ ਹਰਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਉੱਪਰਲੀ ਹਵਾ ਦਾ ਇੱਕ ਚੱਕਰਵਾਤੀ ਘੇਰਾ ਮੌਜੂਦ ਹੈ। ਇੱਕ ਹੋਰ ਚੱਕਰਵਾਤੀ ਪ੍ਰਣਾਲੀ ਉੱਤਰ-ਪੂਰਬੀ ਰਾਜਸਥਾਨ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਉੱਤੇ ਬਣੀ ਹੋਈ ਹੈ।
ਇਹਨਾਂ ਮੌਸਮੀ ਤਬਦੀਲੀਆਂ ਦੇ ਪ੍ਰਭਾਵ ਨਾਲ 10 ਅਗਸਤ ਤੱਕ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਲੱਦਾਖ ਅਤੇ ਉਤਰਾਖੰਡ ਵਿੱਚ ਵੀ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ, ਅਸਮਾਨੀ ਬਿਜਲੀ ਡਿੱਗਣ ਅਤੇ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਅਤੇ ਲੋੜੀਂਦੇ ਇੰਤਜ਼ਾਮ ਕਰਨ ਦੀ ਸਲਾਹ ਦਿੱਤੀ ਹੈ।



