- ਥਾਈਲੈਂਡ ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੇ 8 ਕਤਲ
- ਪਹਿਲਾਂ ਘਰ ਵਿੱਚ ਦਾਦਾ-ਦਾਦੀ ਦੀ ਕੀਤੀ ਹੱਤਿਆ
- ਫਿਰ ਸਕੂਲ ਵਿੱਚ ਗੋਲੀਬਾਰੀ ਕਰਕੇ ਤਿੰਨ ਅਧਿਆਪਕ ਅਤੇ ਤਿੰਨ ਵਿਦਿਆਰਥੀ ਕੀਤੇ ਹਲਾਕ
- ਫੇਰ ਖੁਦ ਨੂੰ ਵੀ ਮਾਰੀ ਗੋਲੀ
ਨਵੀਂ ਦਿੱਲੀ, 7 ਅਗਸਤ (ਦੇਸ਼ ਕਲਿੱਕ ਬਿਊਰੋ): ਥਾਈਲੈਂਡ ਵਿੱਚ ਸ਼ੁੱਕਰਵਾਰ ਨੂੰ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਇੱਕ ਸਕੂਲ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਅਧਿਆਪਕਾਂ ਅਤੇ ਤਿੰਨ ਵਿਦਿਆਰਥੀਆਂ ਸਮੇਤ ਛੇ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਵਿਦਿਆਰਥੀ ਨੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਉਸ ਦੀ ਬ ਮੌਤ ਹੋ ਗਈ।
ਪੁਲਿਸ ਦੇ ਅਨੁਸਾਰ, ਇਹ ਘਟਨਾ ਰਾਜਧਾਨੀ ਬੈਂਕਾਕ ਦੇ ਨੇੜੇ ਡੇਬਸੀਰਿਨ ਨੋਂਥਾਬੁਰੀ ਸਕੂਲ ਵਿੱਚ ਵਾਪਰੀ। ਵਿਦਿਆਰਥੀ ਨੇ ਸਕੂਲ ਪਹੁੰਚਣ ਤੋਂ ਪਹਿਲਾਂ ਘਰ ਵਿੱਚ ਆਪਣੇ ਦਾਦਾ-ਦਾਦੀ ਦੀ ਵੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀਆਂ ਲਾਸ਼ਾਂ ਬਾਅਦ ਵਿੱਚ ਬਰਾਮਦ ਕੀਤੀਆਂ ਗਈਆਂ। ਫਿਰ ਸਕੂਲ ‘ਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗੋਲੀਬਾਰੀ ਵਿੱਚ ਵਰਤੀ ਗਈ 9mm ਪਿਸਤੌਲ ਵਿਦਿਆਰਥੀ ਦੇ ਦਾਦਾ-ਦਾਦੀ ਦੀ ਸੀ, ਜੋ ਕਿ ਪੇਸ਼ੇ ਤੋਂ ਅਧਿਆਪਕ ਸੀ। ਪੁਲਿਸ ਇਸ ਸਮੇਂ ਹਮਲੇ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰ ਰਹੀ ਹੈ।
ਦੋਸ਼ੀ ਵਿਦਿਆਰਥੀ ਬਾਰੇ ਨਵੇਂ ਖੁਲਾਸੇ ਸਾਹਮਣੇ ਆਏ ਹਨ। ਉਪ ਗ੍ਰਹਿ ਮੰਤਰੀ ਪੋਲਾਪੀ ਸੁਵਾਂਚਵੀ ਨੇ ਕਿਹਾ ਕਿ ਪੁਲਿਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਦਿਆਰਥੀ ਵੀਡੀਓ ਗੇਮ ਦਾ ਸ਼ੌਕੀਨ ਸੀ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਗੇਮਿੰਗ ਅਤੇ ਹਮਲੇ ਵਿਚਕਾਰ ਕੋਈ ਸਿੱਧਾ ਸਬੰਧ ਨਿਰਧਾਰਤ ਨਹੀਂ ਕੀਤਾ ਹੈ। ਜਾਂਚ ਦੇ ਅਨੁਸਾਰ, ਵਿਦਿਆਰਥੀ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਸੀ। ਸਕੂਲ ਦੇ ਇੱਕ ਅਧਿਆਪਕ ਨੇ ਕਿਹਾ ਕਿ ਵਿਦਿਆਰਥੀ ਪੜ੍ਹਾਈ ਵਿੱਚ ਚੰਗਾ ਸੀ ਅਤੇ ਕਦੇ ਵੀ ਹਮਲਾਵਰ ਵਿਵਹਾਰ ਨਹੀਂ ਦਿਖਾਇਆ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਇੰਨਾ ਘਿਨਾਉਣਾ ਅਪਰਾਧ ਕਿਉਂ ਕੀਤਾ।



