Breaking: ਫਿਰੋਜ਼ਪੁਰ ‘ਚ 30 ਕਿੱਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

Top Trending News ਪੰਜਾਬ
  • Breaking: ਫਿਰੋਜ਼ਪੁਰ ‘ਚ 30 ਕਿੱਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
  • ਸਰਹੱਦ ਪਾਰ ਦੇ ਤਸਕਰੀ ਨੈੱਟਵਰਕ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਡੀ.ਜੀ.ਪੀ. ਗੌਰਵ ਯਾਦਵ
  • ਪੁਲਿਸ ਟੀਮਾਂ ਨੇ ਤਸਕਰੀ ਲਈ ਵਰਤਿਆ ਜਾ ਰਿਹਾ ਮੋਟਰਸਾਈਕਲ ਵੀ ਕੀਤਾ ਜ਼ਬਤ: ਏ.ਆਈ.ਜੀ. ਸੀਆਈ ਗੁਰਸੇਵਕ ਸਿੰਘ

ਚੰਡੀਗੜ੍ਹ/ਫਿਰੋਜ਼ਪੁਰ, 8 ਅਗਸਤ (ਦੇਸ਼ ਕਲਿੱਕ ਬਿਊਰੋ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਫਿਰੋਜ਼ਪੁਰ ਨੇ ਬਾਰਡਰ ਸਿਕਿਉਰਿਟੀ ਫੋਰਸ (ਬੀ.ਐਸ.ਐਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ 30.200 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰਲੇ ਇੱਕ ਵੱਡੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਪਿੰਡ ਵੱਲੇ ਸ਼ਾਹ ਉਤਾੜ, ਫ਼ਾਜ਼ਿਲਕਾ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਨਵਾਂ ਹਸਤਾ, ਫ਼ਾਜ਼ਿਲਕਾ ਵਜੋਂ ਹੋਈ ਹੈ। ਹੈਰੋਇਨ ਦੀ ਇਹ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਵੱਲੋਂ ਤਸਕਰੀ ਲਈ ਵਰਤਿਆ ਜਾ ਰਿਹਾ ਹੀਰੋ ਡੀਲਕਸ ਮੋਟਰਸਾਈਕਲ (ਪੀਬੀ-05-ਏਐਸ-9856) ਵੀ ਜ਼ਬਤ ਕਰ ਲਿਆ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਸਰਹੱਦ ਪਾਰ ਦੇ ਤਸਕਰੀ ਨੈੱਟਵਰਕ ਨਾਲ ਇਸ ਮਾਡਿਊਲ ਦੇ ਸਬੰਧਾਂ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਲ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।

ਆਪ੍ਰੇਸ਼ਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਏ.ਆਈ.ਜੀ. ਸੀ.ਆਈ. ਫਿਰੋਜ਼ਪੁਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਖ਼ਤਾ ਇਤਲਾਹ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਫ਼ਾਜ਼ਿਲਕਾ ਦੇ ਹਿੰਦੂਮਲਕੋਟ ਰੋਡ ‘ਤੇ ਪੈਂਦੇ ਪਿੰਡ ਸਤੀਰਵਾਲਾ ਨੇੜੇ ਬੀ.ਐਸ.ਐਫ. ਫ਼ਾਜ਼ਿਲਕਾ ਨਾਲ ਮਿਲ ਕੇ ਵਿਸ਼ੇਸ਼ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੌਰਾਨ ਪੁਲਿਸ ਪਾਰਟੀ ਨੇ ਮੋਟਰਸਾਈਕਲ ‘ਤੇ ਜਾ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੇ ਕਬਜ਼ੇ ‘ਚੋਂ 30.200 ਕਿੱਲੋ ਹੈਰੋਇਨ ਬਰਾਮਦ ਹੋਈ।

ਏ.ਆਈ.ਜੀ. ਨੇ ਦੱਸਿਆ ਕਿ ਜਾਂਚ ਅੱਗੇ ਵਧਣ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਫ਼ਾਜ਼ਿਲਕਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21-ਸੀ, 25 ਅਤੇ 29 ਤਹਿਤ ਐਫ.ਆਈ.ਆਰ. ਨੰਬਰ 14 ਮਿਤੀ 07-08-2026 ਦਰਜ ਕੀਤੀ ਗਈ ਹੈ।