ਵੱਡੀ ਖ਼ਬਰ: ਚਾਰ ਸਾਲਾ ਭਤੀਜੀ ਨਾਲ ਜਬਰ-ਜਨਾਹ ਮਾਮਲੇ ’ਚ ਚਾਚੇ ਨੂੰ 20 ਸਾਲ ਦੀ ਕੈਦ
ਵਾਰਾਣਸੀ, 8 ਅਗਸਤ 2026
ਚਾਰ ਸਾਲਾ ਭਤੀਜੀ ਨੂੰ ਟਾਫ਼ੀ ਦਿਵਾਉਣ ਦਾ ਲਾਰਾ ਲਾ ਕੇ ਸੁੰਨਸਾਨ ਥਾਂ ’ਤੇ ਲਿਜਾ ਕੇ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਵਾਰਾਣਸੀ ਦੀ ਵਿਸ਼ੇਸ਼ ਪੌਕਸੋ ਅਦਾਲਤ ਨੇ ਦੋਸ਼ੀ ਚਾਚੇ ਨੂੰ 20 ਸਾਲ ਦੀ ਕੈਦ ਅਤੇ 40 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਨਿਤਿਨ ਪਾਂਡੇ ਦੀ ਅਦਾਲਤ ਨੇ ਵੀਰਵਾਰ ਨੂੰ ਇਹ ਫ਼ੈਸਲਾ ਸੁਣਾਇਆ।
ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਘਟਨਾ ਸਮੇਂ ਦੋਸ਼ੀ ਦੀ ਉਮਰ 16 ਸਾਲ 7 ਮਹੀਨੇ ਸੀ। ਘਟਨਾ ਤੋਂ ਬਾਅਦ ਮਾਮਲੇ ਦੀ ਕਾਰਵਾਈ ਪਹਿਲਾਂ ਬਾਲ ਅਦਾਲਤ ਵਿੱਚ ਚੱਲੀ, ਪਰ ਬਾਅਦ ਵਿੱਚ ਦੋਸ਼ੀ ਨੂੰ ਬਾਲਗ ਮੰਨਦਿਆਂ ਮੁਕੱਦਮਾ ਵਿਸ਼ੇਸ਼ ਪੌਕਸੋ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ। ਅਦਾਲਤ ਨੇ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਇੱਕ ਸਾਲ ਦੀ ਵਾਧੂ ਕੈਦ ਦਾ ਵੀ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਜੁਰਮਾਨੇ ਦੀ ਅੱਧੀ ਰਕਮ ਪੀੜਤਾ ਨੂੰ ਮੁਆਵਜ਼ੇ ਵਜੋਂ ਦੇਣ ਲਈ ਕਿਹਾ ਗਿਆ ਹੈ।
ਵਿਸ਼ੇਸ਼ ਸਰਕਾਰੀ ਵਕੀਲ ਸੰਤੋਸ਼ ਕੁਮਾਰ ਸਿੰਘ ਨੇ ਇਸਤਗਾਸਾ ਪੱਖ ਵੱਲੋਂ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਅਨੁਸਾਰ 26 ਮਾਰਚ 2021 ਨੂੰ ਚਾਰ ਸਾਲਾ ਬੱਚੀ ਘਰ ਵਿੱਚ ਖੇਡ ਰਹੀ ਸੀ। ਇਸ ਦੌਰਾਨ ਉਸਦਾ ਚਾਚਾ ਟਾਫ਼ੀ ਦਿਵਾਉਣ ਦਾ ਬਹਾਨਾ ਬਣਾ ਕੇ ਉਸਨੂੰ ਸੁੰਨਸਾਨ ਥਾਂ ’ਤੇ ਲੈ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ।
ਕੁਝ ਸਮੇਂ ਬਾਅਦ ਬੱਚੀ ਰੋਂਦੀ ਹੋਈ ਘਰ ਪਰਤੀ ਅਤੇ ਦਰਦ ਦੀ ਸ਼ਿਕਾਇਤ ਕੀਤੀ। ਪਰਿਵਾਰਕ ਮੈਂਬਰਾਂ ਨੇ ਜਦੋਂ ਜਾਂਚ ਕੀਤੀ ਤਾਂ ਉਸਦੇ ਗੁਪਤ ਅੰਗ ਵਿੱਚੋਂ ਖ਼ੂਨ ਵਹਿ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੱਚੀ ਨੂੰ ਪਹਿਲਾਂ ਕਬੀਰ ਚੌਰਾ ਮੰਡਲੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਬੀ.ਐੱਚ.ਯੂ. ਭੇਜਿਆ ਗਿਆ। 6 ਅਪ੍ਰੈਲ 2021 ਨੂੰ ਉਸਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਮਜਿਸਟਰੇਟ ਸਾਹਮਣੇ ਬਿਆਨ ਦਰਜ ਕੀਤੇ ਗਏ।
ਪੁਲਿਸ ਨੇ ਘਟਨਾ ਤੋਂ ਤਿੰਨ ਦਿਨ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਸੀ। ਅਦਾਲਤ ਨੇ ਗਵਾਹਾਂ ਦੇ ਬਿਆਨਾਂ ਅਤੇ ਪੇਸ਼ ਕੀਤੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ’ਤੇ ਦੋਸ਼ ਸਾਬਤ ਮੰਨਦਿਆਂ ਸਜ਼ਾ ਸੁਣਾਈ।



