Gen-Z ਨੂੰ ਲੈ ਕੇ ਕੰਗਨਾ ਰਣੌਤ ਦੇ ਸੁਰ ਬਦਲੇ, ਕਿਹਾ- ‘ਇਹ ਭਾਰਤ ਦੀ ਸਭ ਤੋਂ ਵੱਡੀ ਤਾਕਤ’

Top Trending News ਦਿੱਲੀ ਰਾਸ਼ਟਰੀ

 

Gen-Z ਨੂੰ ਲੈ ਕੇ ਕੰਗਨਾ ਰਣੌਤ ਦੇ ਸੁਰ ਬਦਲੇ, ਕਿਹਾ- ‘ਇਹ ਭਾਰਤ ਦੀ ਸਭ ਤੋਂ ਵੱਡੀ ਤਾਕਤ’

ਨਵੀਂ ਦਿੱਲੀ, 8 ਅਗਸਤ 2026:

ਜੈੱਨ-ਜ਼ੀ ਪੀੜ੍ਹੀ ਦੇ ਪ੍ਰਦਰਸ਼ਨਕਾਰੀਆਂ ਬਾਰੇ ਵਿਵਾਦਤ ਟਿੱਪਣੀ ਕਰਕੇ ਚਰਚਾ ਵਿੱਚ ਆਈ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਹੁਣ ਆਪਣਾ ਰੁਖ਼ ਬਦਲ ਲਿਆ ਹੈ। ਕੰਗਨਾ ਨੇ ਸ਼ੁੱਕਰਵਾਰ ਨੂੰ ਜੈੱਨ-ਜ਼ੀ ਪੀੜ੍ਹੀ ਨੂੰ ਭਾਰਤ ਦੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਇਹ ਨੌਜਵਾਨ ਦੇਸ਼ ਦੀ ਸੰਸਕ੍ਰਿਤੀ ਅਤੇ ਪਛਾਣ ਦੇ ਰਾਜਦੂਤ ਹਨ।

ਕੰਗਨਾ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਵੀ ਜੈੱਨ-ਜ਼ੀ ਨਾਲ ਜੁੜੇ ਮੁੱਦਿਆਂ ’ਤੇ ਸੰਵਾਦ ਅਤੇ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਜੈੱਨ-ਜ਼ੀ ਨੌਜਵਾਨਾਂ ਨੂੰ ਦੇਸ਼-ਵਿਰੋਧੀ ਕਹਿਣ ਤੋਂ ਵੀ ਗੁਰੇਜ਼ ਕਰਨ ਦੀ ਗੱਲ ਆਖੀ ਸੀ।

ਇਸ ਤੋਂ ਇੱਕ ਦਿਨ ਬਾਅਦ ਕੰਗਨਾ ਵੱਲੋਂ ਜੈੱਨ-ਜ਼ੀ ਬਾਰੇ ਅਪਣਾਇਆ ਗਿਆ ਨਰਮ ਅਤੇ ਸਕਾਰਾਤਮਕ ਰੁਖ਼ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਾਕਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਊਰਜਾ ਨੂੰ ਰਾਸ਼ਟਰ ਨਿਰਮਾਣ ਲਈ ਵਰਤਣ ਦੀ ਲੋੜ ਹੈ।

ਕੰਗਨਾ ਦੀ ਪਹਿਲਾਂ ਕੀਤੀ ਟਿੱਪਣੀ ਨੂੰ ਲੈ ਕੇ ਜੈੱਨ-ਜ਼ੀ ਵਰਗ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ। ਹੁਣ ਉਨ੍ਹਾਂ ਵੱਲੋਂ ਇਸ ਪੀੜ੍ਹੀ ਦੀ ਪ੍ਰਸ਼ੰਸਾ ਕੀਤੇ ਜਾਣ ਨੂੰ ਉਨ੍ਹਾਂ ਦੇ ਪਹਿਲਾਂ ਵਾਲੇ ਰੁਖ਼ ਤੋਂ ਵੱਖਰਾ ਮੰਨਿਆ ਜਾ ਰਿਹਾ ਹੈ।

ਜੈੱਨ-ਜ਼ੀ ਪੀੜ੍ਹੀ ਨਾਲ ਆਮ ਤੌਰ ’ਤੇ 1997 ਤੋਂ 2012 ਤੱਕ ਦੇ ਵਰ੍ਹਿਆਂ ਦਰਮਿਆਨ ਜਨਮੀ ਨੌਜਵਾਨ ਪੀੜ੍ਹੀ ਨੂੰ ਦਰਸਾਇਆ ਜਾਂਦਾ ਹੈ। ਇਹ ਪੀੜ੍ਹੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਿਆਂ ’ਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਜਾਣੀ ਜਾਂਦੀ ਹੈ।