Punjab News: “ਚੰਦ” ਪੈਸਿਆਂ ਪਿੱਛੇ ਦੋਸਤ ਵੱਲੋਂ ਦੋਸਤ ਦਾ ਕਤਲ

Top Trending News ਪੰਜਾਬ

 

Punjab News: “ਚੰਦ” ਪੈਸਿਆਂ ਪਿੱਛੇ ਦੋਸਤ ਵੱਲੋਂ ਦੋਸਤ ਦਾ ਕਤਲ

ਬਠਿੰਡਾ ਦੇ ਸ਼ਮਸ਼ਾਨਘਾਟ ਵਿੱਚ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ

ਬਠਿੰਡਾ, 8 ਅਗਸਤ 2026

ਪਿੰਡ ਜੱਸੀ ਪੋ ਵਾਲੀ ਦੇ ਸ਼ਮਸ਼ਾਨਘਾਟ ਵਿੱਚ ਪਿਛਲੇ ਦਿਨੀਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਨੂੰ ਬਠਿੰਡਾ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦੇ ਹੀ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਅਨੁਸਾਰ ਦੋਵਾਂ ਵਿਚਾਲੇ ਕਰੀਬ 1,200 ਤੋਂ 1,300 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ।

ਦਿਹਾਤੀ ਉਪ ਪੁਲੀਸ ਕਪਤਾਨ ਹਰਵਿੰਦਰ ਸਿੰਘ ਸਰਾ ਨੇ ਦੱਸਿਆ ਕਿ ਪੁਲੀਸ ਨੂੰ ਪਿੰਡ ਜੱਸੀ ਪੋ ਵਾਲੀ ਦੇ ਸ਼ਮਸ਼ਾਨਘਾਟ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਮਹਿਕਦੀਪ ਸਿੰਘ ਵਜੋਂ ਹੋਈ।

ਪੁਲੀਸ ਅਨੁਸਾਰ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮਹਿਕਦੀਪ ਸਿੰਘ ਘਰੋਂ ਆਪਣੇ ਦੋਸਤਾਂ ਨਾਲ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਉਸ ਦੀ ਲਾਸ਼ ਸ਼ਮਸ਼ਾਨਘਾਟ ਵਿੱਚੋਂ ਬਰਾਮਦ ਹੋਈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜਾਂਚ ਨੂੰ ਅੱਗੇ ਵਧਾਇਆ ਗਿਆ।

ਜਾਂਚ ਦੌਰਾਨ ਪੁਲੀਸ ਨੂੰ ਮ੍ਰਿਤਕ ਦੇ ਦੋਸਤ ਅਮਿਤ ’ਤੇ ਸ਼ੱਕ ਹੋਇਆ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਪੁਲੀਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਅਮਿਤ ਨੇ ਮਹਿਕਦੀਪ ਸਿੰਘ ਦਾ ਕਥਿਤ ਤੌਰ ’ਤੇ ਕਤਲ ਕਰਨ ਦੀ ਗੱਲ ਕਬੂਲ ਕੀਤੀ।

ਪੁਲੀਸ ਮੁਤਾਬਕ ਦੋਵਾਂ ਵਿਚਾਲੇ 1,200 ਤੋਂ 1,300 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਹੋਈ ਸੀ। ਇਸ ਦੌਰਾਨ ਅਮਿਤ ਨੇ ਕਥਿਤ ਤੌਰ ’ਤੇ ਇੱਟਾਂ ਨਾਲ ਹਮਲਾ ਕਰਕੇ ਮਹਿਕਦੀਪ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਕਤਲ ਨਾਲ ਸਬੰਧਤ ਹੋਰ ਤੱਥਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।