Punjab News: ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਨੌਜਵਾਨਾਂ ਨੇ ਬਣਾਇਆ ‘ਸਾਂਝਾ ਪੰਜਾਬ ਮੋਰਚਾ’
ਬਰਨਾਲਾ, 9 ਅਗਸਤ 2026
ਪੰਜਾਬ ਦੇ ਵੱਖ-ਵੱਖ ਲੋਕ ਮੁੱਦਿਆਂ ਨੂੰ ਲੈ ਕੇ ਪਿੰਡ ਭੋਤਨਾ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਦੀ ਕਨਵੈਨਸ਼ਨ ਕਰਵਾਈ ਗਈ। ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਹੋਈ ਇਸ ਕਨਵੈਨਸ਼ਨ ਦੌਰਾਨ ਪੰਜਾਬ ਅਤੇ ਦੇਸ਼ ਦੇ ਮੌਜੂਦਾ ਰਾਜਨੀਤਿਕ ਤੇ ਸਮਾਜਿਕ ਹਾਲਾਤਾਂ ’ਤੇ ਵਿਚਾਰ-ਚਰਚਾ ਕੀਤੀ ਗਈ।
ਕਨਵੈਨਸ਼ਨ ਦੀ ਪ੍ਰਧਾਨਗੀ ਡਾ. ਦਰਸ਼ਨਪਾਲ, ਸ਼ਿਵਚਰਨ ਮਾਨਸਾ, ਸੁਦਾਗਰ ਸਿੰਘ ਭੋਤਨਾ, ਰਾਉ ਗਜਿੰਦਰ ਸਿੰਘ, ਦਲਵਿੰਦਰ ਸਿੰਘ ਸ਼ੇਰਖਾਂ ਅਤੇ ਜਗਰੂਪ ਸਿੰਘ ਭੁੱਲਰ ਨੇ ਕੀਤੀ। ਵਿਚਾਰ-ਵਟਾਂਦਰੇ ਤੋਂ ਬਾਅਦ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ’ਤੇ ਸਾਂਝੀ ਆਵਾਜ਼ ਬੁਲੰਦ ਕਰਨ ਲਈ ‘ਸਾਂਝਾ ਪੰਜਾਬ ਮੋਰਚਾ’ ਦੇ ਗਠਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸਰਬਸੰਮਤੀ ਨਾਲ ਜੁਗਰਾਜ ਸਿੰਘ ਟੱਲੇਵਾਲ ਨੂੰ ਮੋਰਚੇ ਦਾ ਕਨਵੀਨਰ ਚੁਣਿਆ ਗਿਆ, ਜਦਕਿ ਸ਼ਿਵਚਰਨ ਮਾਨਸਾ, ਅਵਤਾਰ ਸਿੰਘ ਮਹਿਮਾ, ਰਾਉ ਗਜਿੰਦਰ ਸਿੰਘ ਫਤਿਹਪੁਰ, ਭਜਨ ਸਿੰਘ ਘੁੰਮਣ ਅਤੇ ਗੁਰਮੇਲ ਸਿੰਘ ਮਾਛੀਕੇ ਨੂੰ ਕਮੇਟੀ ਮੈਂਬਰ ਬਣਾਇਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੁਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਦੁਨੀਆ ਭਰ ਵਿੱਚ ਜੰਗਾਂ ਅਤੇ ਆਰਥਿਕ ਸੰਕਟ ਕਾਰਨ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਧ ਰਹੇ ਫਾਸ਼ੀਵਾਦ ਅਤੇ ਪੰਜਾਬ ਵਿੱਚ ਲੋਕਾਂ ਦੇ ਮੁੱਦਿਆਂ ਤੋਂ ਦੂਰ ਹੋ ਰਹੀਆਂ ਸਿਆਸੀ ਪਾਰਟੀਆਂ ਕਾਰਨ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਬੇਚੈਨੀ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਰਚਾ ਵੱਖ-ਵੱਖ ਵਰਗਾਂ ਨੂੰ ਇਕਜੁਟ ਕਰਕੇ ਸਾਂਝੇ ਸੰਘਰਸ਼ਾਂ ਨੂੰ ਮਜ਼ਬੂਤ ਕਰੇਗਾ। ਕਨਵੈਨਸ਼ਨ ਵਿੱਚ ਚੰਡੀਗੜ੍ਹ ਵਿਖੇ ਹੱਕਾਂ ਲਈ ਆਵਾਜ਼ ਉਠਾ ਰਹੇ ਮੁਲਾਜ਼ਮਾਂ ’ਤੇ ਹੋਏ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਗਈ।



