Punjab News: ਤੇਜ਼ ਰਫ਼ਤਾਰ ਵਾਹਨ ਨੇ 4 ਕਾਂਵੜੀਆਂ ਨੂੰ ਦਰੜਿਆ, 3 ਦੀ ਮੌਤ

Top Trending News ਪੰਜਾਬ

 

Punjab News: ਤੇਜ਼ ਰਫ਼ਤਾਰ ਵਾਹਨ ਨੇ 4 ਕਾਂਵੜੀਆਂ ਨੂੰ ਦਰੜਿਆ, 3 ਦੀ ਮੌਤ

ਸਰਹਿੰਦ, 9 ਅਗਸਤ 2026: ਸਰਹਿੰਦ ਜੀ.ਟੀ. ਰੋਡ ’ਤੇ ਦਾਦਾ ਮੋਟਰਜ਼ ਨੇੜੇ ਐਤਵਾਰ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਕੋਟਕਪੂਰਾ (ਫ਼ਰੀਦਕੋਟ) ਦੇ ਛੇ ਕਾਂਵੜੀਆਂ ਦਾ ਸਮੂਹ ਉੱਤਰਾਖੰਡ ਦੇ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਪੈਦਲ ਆਪਣੇ ਘਰਾਂ ਨੂੰ ਵਾਪਸ ਪਰਤ ਰਿਹਾ ਸੀ। ਐਤਵਾਰ ਤੜਕੇ ਕਰੀਬ 2.15 ਵਜੇ ਜਦੋਂ ਉਹ ਸਰਹਿੰਦ ਜੀ.ਟੀ. ਰੋਡ ’ਤੇ ਦਾਦਾ ਮੋਟਰਜ਼ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਅੱਗੇ ਚੱਲ ਰਹੇ ਚਾਰ ਕਾਂਵੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਚਸ਼ਮਦੀਦ ਜਗਸੀਰ ਸਿੰਘ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨ ਕਾਂਵੜੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਵਿੱਚ ਮੁਕੇਸ਼ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕਾਂ ਦੀ ਪਛਾਣ ਮਹਿੰਦਰ ਪਾਲ, ਦੀਪਕ ਅਤੇ ਜਗਦੀਸ਼ ਮਿੱਤਲ ਵਜੋਂ ਹੋਈ ਹੈ। ਤਿੰਨੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸਨ।

ਸੂਚਨਾ ਮਿਲਣ ’ਤੇ ਸਰਹਿੰਦ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ। ਏ.ਐੱਸ.ਆਈ. ਤਿਲਕ ਰਾਜ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਰਾਰ ਵਾਹਨ ਅਤੇ ਚਾਲਕ ਦੀ ਪਛਾਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।