ਦਰਦਨਾਕ ਹਾਦਸਾ: ਮੋਹਾਲੀ ‘ਚ ਕਰੰਟ ਲੱਗਣ ਕਾਰਨ 8 ਸਾਲਾ ਮਾਸੂਮ ਦੀ ਜਾਨ

Top Trending News ਚੰਡੀਗੜ੍ਹ ਪੰਜਾਬ

 

ਦਰਦਨਾਕ ਹਾਦਸਾ: ਮੋਹਾਲੀ ‘ਚ ਕਰੰਟ ਲੱਗਣ ਕਾਰਨ 8 ਸਾਲਾ ਮਾਸੂਮ ਦੀ ਜਾਨ

ਮੋਹਾਲੀ ‘ਚ ਕਰੰਟ ਦਾ ਕਹਿਰ: ਸੜਕ ’ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਨੇ ਲਈ 8 ਸਾਲਾ ਮਾਸੂਮ ਦੀ ਜਾਨ

ਮੋਹਾਲੀ, 9 ਅਗਸਤ 2026: ਚੰਡੀਗੜ੍ਹ ਟਰਾਈਸਿਟੀ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਮੋਹਾਲੀ ਦੇ ਨਯਾਗਾਓਂ ਵਿੱਚ ਬਿਜਲੀ ਦੀਆਂ ਡਿੱਗੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ 8 ਸਾਲਾ ਬੱਚੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਮਾਨਸੀ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਜਾਣਕਾਰੀ ਮੁਤਾਬਕ ਮਾਨਸੀ ਬੀਤੇ ਦਿਨ ਦੁਕਾਨ ਤੋਂ ਘਰ ਦਾ ਸਾਮਾਨ ਲੈਣ ਲਈ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਭਾਰੀ ਮੀਂਹ ਕਾਰਨ ਪਾਣੀ ਭਰਿਆ ਹੋਇਆ ਸੀ। ਸੜਕ ’ਤੇ ਪਾਣੀ ਦੇ ਵਿਚਕਾਰ ਬਿਜਲੀ ਦੀਆਂ ਤਾਰਾਂ ਹੇਠਾਂ ਡਿੱਗੀਆਂ ਹੋਈਆਂ ਸਨ। ਮਾਨਸੀ ਅਣਜਾਣੇ ਵਿੱਚ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਉਸ ਨੂੰ ਜ਼ਬਰਦਸਤ ਕਰੰਟ ਲੱਗ ਗਿਆ।

ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਵਿੱਚ ਹਾਹਾਕਾਰ ਮਚ ਗਈ। ਬੱਚੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਲੋਕਾਂ ਨੇ ਇਸ ਘਟਨਾ ਲਈ ਬਿਜਲੀ ਵਿਭਾਗ ਦੀ ਕਥਿਤ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਡਿੱਗੀਆਂ ਤਾਰਾਂ ਨੂੰ ਹਟਾ ਦਿੱਤਾ ਜਾਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।