Punjab News: ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇੱਕ ਸਾਲ ਦੀ ਬੱਚੀ ਛੱਡ ਗਈ ਪਿੱਛੇ
ਮਾਛੀਵਾੜਾ, 10 ਅਗਸਤ 2026
ਇੱਥੇ ਬਾਬਾ ਬਾਲਕ ਨਾਥ ਮੰਦਰ ਨੇੜੇ ਇੱਕ ਵਿਆਹੁਤਾ ਵੱਲੋਂ ਸਹੁਰੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 21 ਸਾਲਾ ਲਕਸ਼ਮੀ ਦੇਵੀ ਪਤਨੀ ਰਾਹੁਲ ਵਜੋਂ ਹੋਈ ਹੈ। ਘਟਨਾ ਸਮੇਂ ਲਕਸ਼ਮੀ ਦੇਵੀ ਦੀ ਇੱਕ ਸਾਲ ਦੀ ਬੱਚੀ ਵੀ ਉਸ ਦੇ ਨਾਲ ਸੀ।
ਮ੍ਰਿਤਕਾ ਦੇ ਸਹੁਰੇ ਮਿਲਨ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਰਾਹੁਲ ਰੁਜ਼ਗਾਰ ਲਈ ਵਿਦੇਸ਼ ਗਿਆ ਹੋਇਆ ਹੈ, ਜਦਕਿ ਉਸ ਦੀ ਨੂੰਹ ਲਕਸ਼ਮੀ ਦੇਵੀ ਆਪਣੀ ਇੱਕ ਸਾਲ ਦੀ ਬੱਚੀ ਸਮੇਤ ਉਸ ਕੋਲ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਲਕਸ਼ਮੀ ਦੇਵੀ ਨੇ ਆਪਣੇ ਪੇਕੇ ਘਰ ਜਾ ਕੇ ਭਰਾ ਨੂੰ ਰੱਖੜੀ ਬੰਨ੍ਹਣ ਦੀ ਇੱਛਾ ਪ੍ਰਗਟਾਈ ਸੀ। ਇਸ ਸਬੰਧੀ ਉਸ ਨੇ ਲਕਸ਼ਮੀ ਦੀ ਮਾਤਾ ਨੂੰ ਫ਼ੋਨ ਕਰਕੇ ਜਾਣਕਾਰੀ ਵੀ ਦਿੱਤੀ ਸੀ।
ਪਰਿਵਾਰ ਅਨੁਸਾਰ ਰਾਤ ਨੂੰ ਖਾਣਾ ਖਾਣ ਮਗਰੋਂ ਲਕਸ਼ਮੀ ਦੇਵੀ ਆਪਣੀ ਬੱਚੀ ਨੂੰ ਨਾਲ ਲੈ ਕੇ ਉੱਪਰਲੇ ਚੁਬਾਰੇ ਵਿੱਚ ਸੌਣ ਲਈ ਚਲੀ ਗਈ। ਸਵੇਰੇ ਜਦੋਂ ਉਹ ਹੇਠਾਂ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੁੱਲ੍ਹਣ ’ਤੇ ਖਿੜਕੀ ਰਾਹੀਂ ਅੰਦਰ ਦੇਖਿਆ ਗਿਆ ਤਾਂ ਲਕਸ਼ਮੀ ਦੇਵੀ ਫਾਹੇ ਨਾਲ ਲਟਕਦੀ ਮਿਲੀ।
ਪਰਿਵਾਰਕ ਮੈਂਬਰਾਂ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਲਕਸ਼ਮੀ ਦੇਵੀ ਇਕਲਾਪੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਪੁਲੀਸ ਮੁਤਾਬਕ ਮੌਕੇ ਤੋਂ ਕੋਈ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਨਹੀਂ ਹੋਇਆ। ਮਾਮਲੇ ਦੀ ਜਾਂਚ ਜਾਰੀ ਹੈ।



