ਪੰਜਾਬ ਤੋਂ ਬਾਅਦ ਹਰਿਆਣਾ ‘ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ, ਸ਼ਹਿਰਾਂ ‘ਚ ਗੰਦਗੀ ਦੇ ਢੇਰ
ਚੰਡੀਗੜ੍ਹ, 11 ਅਗਸਤ 2026
ਹਰਿਆਣਾ ਵਿੱਚ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਨਗਰ ਪਾਲਿਕਾ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਨੂੰ ਹੋਰ ਚਾਰ ਦਿਨਾਂ ਲਈ ਵਧਾ ਦਿੱਤਾ ਹੈ। ਹੁਣ ਸੂਬੇ ਭਰ ਦੇ ਸਫ਼ਾਈ ਕਰਮਚਾਰੀ 15 ਅਗਸਤ ਤੱਕ ਹੜਤਾਲ ‘ਤੇ ਰਹਿਣਗੇ। ਸਫ਼ਾਈ ਕਰਮਚਾਰੀਆਂ ਦੀ ਹੜਤਾਲ 6 ਅਗਸਤ ਤੋਂ ਜਾਰੀ ਹੈ। ਹੜਤਾਲ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਈ ਹੈ ਅਤੇ ਕਈ ਥਾਵਾਂ ‘ਤੇ ਕੂੜੇ ਦੇ ਢੇਰ ਲੱਗਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਠੋਸ ਕਾਰਵਾਈ ਦੀ ਮੰਗ ਕਰ ਰਹੇ ਹਨ। ਕਰਮਚਾਰੀਆਂ ਦੀ ਪ੍ਰਮੁੱਖ ਮੰਗ ਹੈ ਕਿ ਕੱਚੇ, ਠੇਕੇ ਅਤੇ ਦਿਹਾੜੀਦਾਰ ਕਰਮਚਾਰੀਆਂ ਨੂੰ ਨਿਯਮਤ ਕਰਕੇ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ ਸਫ਼ਾਈ ਅਤੇ ਸੀਵਰੇਜ ਦੇ ਕੰਮਾਂ ਵਿੱਚ ਚੱਲ ਰਹੀ ਠੇਕਾ ਪ੍ਰਥਾ ਖ਼ਤਮ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਕਰਮਚਾਰੀਆਂ ਨੇ ਘੱਟੋ-ਘੱਟ ਤਨਖ਼ਾਹ, ਈਐੱਸਆਈ, ਈਪੀਐੱਫ ਅਤੇ ਜੋਖ਼ਮ ਤੇ ਵਰਦੀ ਭੱਤਾ ਦੇਣ ਦੀ ਮੰਗ ਰੱਖੀ ਹੈ। ਇਸ ਦੇ ਨਾਲ ਹੀ 13 ਮਈ ਨੂੰ ਹੋਏ ਸਮਝੌਤੇ ਸਬੰਧੀ ਲਿਖਤੀ ਹੁਕਮ ਜਾਰੀ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਕਰਮਚਾਰੀਆਂ ਨਾਲ ਸਬੰਧਤ ਮੰਗਾਂ, ਮੌਤ ਦੀ ਸਥਿਤੀ ਵਿੱਚ ਸਹਾਇਤਾ, ਨੌਕਰੀ ਅਤੇ ਫਰੀਦਾਬਾਦ ਅੱਗ-ਕਾਂਡ ਵਰਗੇ ਖਾਸ ਮਾਮਲਿਆਂ ਵਿੱਚ ਮਦਦ ਦੇਣ ਦੀ ਮੰਗ ਵੀ ਸ਼ਾਮਲ ਹੈ। ਹੜਤਾਲ ਲੰਬੀ ਹੋਣ ਕਾਰਨ ਸੂਬੇ ਵਿੱਚ ਸਫ਼ਾਈ ਪ੍ਰਬੰਧਾਂ ‘ਤੇ ਇਸ ਦਾ ਅਸਰ ਹੋਰ ਵਧਣ ਦੀ ਸੰਭਾਵਨਾ ਹੈ।



