Punjab News: ਭਿਆਨਕ ਸੜਕ ਹਾਦਸੇ ’ਚ ਮਾਂ-ਪੁੱਤ ਦੀ ਮੌਤ
ਜਗਰਾਓਂ/ਰਾਏਕੋਟ, 18 ਅਗਸਤ 2026:
ਬੀਤੇ ਦਿਨ ਰਾਏਕੋਟ-ਬਰਨਾਲਾ ਰੋਡ ’ਤੇ ਰਾਧਾ ਸਵਾਮੀ ਸਤਿਸੰਗ ਭਵਨ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਦੋਵੇਂ ਆਪਣੀ ਰਿਸ਼ਤੇਦਾਰ ਲੜਕੀ ਨੂੰ ਸੰਧਾਰਾ ਦੇ ਕੇ ਮੋਟਰਸਾਈਕਲ ’ਤੇ ਘਰ ਵਾਪਸ ਪਰਤ ਰਹੇ ਸਨ। ਹਾਦਸਾ ਘਰ ਤੋਂ ਕੁਝ ਦੂਰੀ ’ਤੇ ਹੀ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਵਾਸੀ ਬਿੰਦਰ ਕੁਮਾਰ ਨੇ ਆਪਣੀ ਪਤਨੀ ਕ੍ਰਿਸ਼ਨਾ ਕੁਮਾਰੀ ਅਤੇ ਪੁੱਤਰ ਰੋਹਿਤ ਕੁਮਾਰ ਨੂੰ ਪਰਿਵਾਰਕ ਰਿਸ਼ਤੇਦਾਰ ਦੀ ਧੀ ਨੂੰ ਸੰਧਾਰਾ ਦੇਣ ਲਈ ਭੇਜਿਆ ਸੀ। ਵਾਪਸੀ ਦੌਰਾਨ ਸਾਹਮਣਿਓਂ ਆ ਰਹੇ ਟੈਂਪੂ ‘ਛੋਟਾ ਹਾਥੀ’ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਵਿੱਚ ਕ੍ਰਿਸ਼ਨਾ ਕੁਮਾਰੀ ਅਤੇ ਰੋਹਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਤੁਰੰਤ ਰਾਏਕੋਟ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਿੰਦਰ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਟੈਂਪੂ ਤੇਜ਼ ਰਫ਼ਤਾਰ ਵਿੱਚ ਸੀ ਅਤੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਸੜਕ ਦੀ ਦੂਜੀ ਸਾਈਡ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਦੂਜੇ ਪਾਸੇ ਥਾਣਾ ਸਿਟੀ ਰਾਏਕੋਟ ਪੁਲਿਸ ਨੇ ਟੈਂਪੂ ਚਾਲਕ ਸਨਪ੍ਰੀਤ ਸਿੰਘ ਵਾਸੀ ਚਾਉਂਕੇ, ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਂ-ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਘਰ ਵਿੱਚ ਮਾਸੂਮ ਧੀ ਦੇ ਵਿਰਲਾਪ ਨੇ ਮਾਹੌਲ ਨੂੰ ਹੋਰ ਗਮਗੀਨ ਕਰ ਦਿੱਤਾ।





