ਦੀ ਰੈਵੇਨਿਊ ਪਟਵਾਰ ਯੂਨੀਅਨ ਵੱਲੋਂ ਦੋ ਦਿਨ ਸਮੂਹਿਕ ਛੁੱਟੀ ‘ਤੇ ਰਹਿਣ ਦਾ ਐਲਾਨ

Top Trending News ਪੰਜਾਬ

  • ਦੀ ਰੈਵੇਨਿਊ ਪਟਵਾਰ ਯੂਨੀਅਨ ਵੱਲੋਂ ਦੋ ਦਿਨ ਸਮੂਹਿਕ ਛੁੱਟੀ ‘ਤੇ ਰਹਿਣ ਦਾ ਐਲਾਨ

ਸ੍ਰੀ ਚਮਕੌਰ ਸਾਹਿਬ / ਮੋਰਿੰਡਾ 19 ਅਗਸਤ (ਭਟੋਆ): ਦੀ ਰੈਵੇਨਿਊ ਪਟਵਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅਤੇ 20 ਅਤੇ 21 ਅਗਸਤ ਨੂੰ ਸਮੂਹਿਕ ਛੁੱਟੀ ‘ਤੇ ਰਹਿਣ ਸਬੰਧੀ ਪ੍ਰਧਾਨ ਮਲਕੀਤ ਸਿੰਘ ਅਤੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਦਲਵਿੰਦਰ ਸਿੰਘ, ਨਾਇਬ ਤਹਿਸੀਲਦਾਰ, ਸ੍ਰੀ ਚਮਕੌਰ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਲੰਮੇ ਸਮੇ ਤੋ ਲੰਬਿਤ ਮੰਗਾਂ ਦੇ ਹੱਲ ਲਈ 8 ਜੁਲਾਈ ਨੂੰ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਅਤੇ 22 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੇ ਜੁਆਇੰਟ ਪ੍ਰਿੰਸੀਪਲ ਸਕੱਤਰ ਸ. ਨਵਰਾਜ ਸਿੰਘ ਬਰਾੜ ਨਾਲ ਮੀਟਿੰਗਾਂ ਹੋਈਆਂ ਸਨ, ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਜਿਸ ਉਪਰੰਤ 12 ਅਗਸਤ ਨੂੰ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਰਾਜਵੀਰ ਸਿੰਘ ਘੁੰਮਾਣ ਨਾਲ ਹੋਈ ਮੀਟਿੰਗ ਵਿੱਚ ਨਵੇਂ ਪਟਵਾਰੀਆਂ ਦੀ ਤਨਖਾਹ ਵਿਚ ਵਾਧੇ ਸਬੰਧੀ, ਪਟਵਾਰੀ ਅਸਾਮੀਆਂ ਦੀ ਬਹਾਲੀ ਅਤੇ ਸਟੇਟ ਕਾਡਰ ਰੱਦ ਕਰਨ ਵਰਗੇ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਅਜੇ ਤੱਕ ਸਰਕਾਰ ਵੱਲੋਂ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ।

ਜਿਸ ਦੇ ਰੋਸ ਵਜੋਂ 20 ਅਤੇ 21 ਅਗਸਤ (ਵੀਰਵਾਰ ਅਤੇ ਸ਼ੁੱਕਰਵਾਰ) ਨੂੰ ਤਹਿਸੀਲ ਦੇ ਸਮੂਹ ਪਟਵਾਰੀ ਸਮੂਹਿਕ ਛੁੱਟੀ ‘ਤੇ ਰਹਿਣਗੇ। ਇਸ ਦੌਰਾਨ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ ਅਤੇ ਈ-ਪਟਵਾਰੀ ਸਾਫ਼ਟਵੇਅਰ ਜਾਂ ਈ-ਸੇਵਾ ਪੋਰਟਲ ‘ਤੇ ਕੋਈ ਦਫਤਰੀ ਕੰਮ ਨਹੀਂ ਕੀਤਾ ਜਾਵੇਗਾ। ਜਦਕਿ 26 ਅਗਸਤ (ਬੁੱਧਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਤਹਿਸੀਲ ਪੱਧਰ ‘ਤੇ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 27 ਅਗਸਤ ਨੂੰ ਸਾਂਝਾ ਮੁਲਾਜ਼ਮ ਮੰਚ ਵੱਲੋਂ ਦਿੱਤੀ ਗਈ “ਪੰਜਾਬ ਮਹਾਬੰਦ” ਦੀ ਕਾਲ ਦਾ ਪੂਰਨ ਸਮਰਥਨ ਕੀਤਾ ਜਾਵੇਗਾ ਅਤੇ ਇਸ ਦਿਨ ਕੋਈ ਵੀ ਪਟਵਾਰੀ ਦਫ਼ਤਰੀ ਕੰਮਕਾਜ ਨਹੀ ਕਰੇਗਾ ।
ਇਸ ਮੌਕੇ ਯੂਨੀਅਨ ਦੇ ਖਜ਼ਾਨਚੀ ਮਨਪ੍ਰੀਤ ਕੰਬੋਜ ਅਤੇ ਹੋਰ ਆਗੂ ਤੇ ਪਟਵਾਰੀ ਵੀ ਹਾਜ਼ਰ ਸਨ।