ਬੀ.ਐਲ. ਸੰਤੋਸ਼ ਦਾ ਪੰਜਾਬ ਦੌਰਾ! ਪੰਜ ਜ਼ੋਨਲ ਮੀਟਿੰਗਾਂ ਰਾਹੀਂ ਭਾਜਪਾ ਵੱਲੋਂ ਸੰਗਠਨ ਦੀ ਮਜ਼ਬੂਤੀ ’ਤੇ ਜ਼ੋਰ
ਚੰਡੀਗੜ੍ਹ, 24 ਅਗਸਤ 2026: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਅੱਜ ਦੋ ਰੋਜ਼ਾ ਸੰਗਠਨਾਤਮਕ ਦੌਰੇ ’ਤੇ ਪੰਜਾਬ ਪਹੁੰਚੇ। ਮੋਹਾਲੀ ਹਵਾਈ ਅੱਡੇ ’ਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸਹਿ-ਇੰਚਾਰਜ ਨਰਿੰਦਰ ਸਿੰਘ ਰੈਣਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਦੌਰੇ ਦੌਰਾਨ ਬੀ.ਐਲ. ਸੰਤੋਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਭਾਜਪਾ ਆਗੂਆਂ ਅਤੇ ਸੰਗਠਨਾਤਮਕ ਅਹੁਦੇਦਾਰਾਂ ਨਾਲ ਜ਼ੋਨਲ ਮੀਟਿੰਗਾਂ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨਗੇ। ਇਨ੍ਹਾਂ ਮੀਟਿੰਗਾਂ ਵਿੱਚ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਹੋਵੇਗਾ।
24 ਅਗਸਤ ਨੂੰ ਪਟਿਆਲਾ ਅਤੇ ਬਠਿੰਡਾ ਵਿੱਚ ਮੀਟਿੰਗਾਂ ਹੋਣਗੀਆਂ, ਜਦਕਿ 25 ਅਗਸਤ ਨੂੰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਸੰਗਠਨਾਤਮਕ ਬੈਠਕਾਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।
ਅੰਮ੍ਰਿਤਸਰ ਵਿੱਚ ਸੂਬਾ ਮਹਾਸਚਿਵਾਂ ਨਾਲ ਵੱਖਰੀ ਮੀਟਿੰਗ ਵੀ ਹੋਵੇਗੀ। ਪਾਰਟੀ ਮੁਤਾਬਕ ਦੌਰੇ ਦਾ ਮੁੱਖ ਉਦੇਸ਼ ਸੰਗਠਨਾਤਮਕ ਕੰਮਕਾਜ ਦੀ ਸਮੀਖਿਆ ਕਰਨਾ ਅਤੇ ਵੱਖ-ਵੱਖ ਖੇਤਰਾਂ ਵਿੱਚ ਤਾਲਮੇਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।





