ਕਾਂਗਰਸੀਆਂ ਵੱਲੋਂ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸਣ ’ਤੇ ਧਾਲੀਵਾਲ ਦਾ ਤਿੱਖਾ ਵਾਰ, ਕਿਹਾ- ਪੀੜਤ ਪਰਿਵਾਰਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ
ਅਜਨਾਲਾ (ਅੰਮ੍ਰਿਤਸਰ), 24 ਅਗਸਤ 2026: ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੱਲੋਂ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸੇ ਜਾਣ ਅਤੇ ਬਾਅਦ ਵਿੱਚ ਆਪਣੇ ਬਿਆਨ ਤੋਂ ਪਲਟਣ ’ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਧਾਲੀਵਾਲ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲਿਆਂ ਕਾਰਨ ਸਿੱਖ ਭਾਈਚਾਰੇ ਦੇ ਜ਼ਖ਼ਮ ਅੱਜ ਵੀ ਤਾਜ਼ਾ ਹਨ। ਅਜਿਹੇ ਵਿਅਕਤੀ ਨੂੰ ਰੋਲ ਮਾਡਲ ਦੱਸਣਾ ਬੇਹੱਦ ਮੰਦਭਾਗਾ ਹੈ ਅਤੇ ਇਸ ਤਰ੍ਹਾਂ ਦੇ ਬਿਆਨ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਕਾਂਗਰਸ ਲਈ ਰੋਲ ਮਾਡਲ ਹਨ ਤਾਂ ਰਾਹੁਲ ਗਾਂਧੀ ਨੂੰ ਪੰਜਾਬ ਦੌਰੇ ਦੌਰਾਨ ਆਪਣੀ ਬੱਸ ਦੇ ਅੱਗੇ ਸੱਜਣ ਕੁਮਾਰ ਦੀ ਤਸਵੀਰ ਲਗਾ ਕੇ ਆਉਣਾ ਚਾਹੀਦਾ ਹੈ। ਧਾਲੀਵਾਲ ਨੇ ਕਿਹਾ ਕਿ 1984 ਦੀ ਹਿੰਸਾ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ ਅਤੇ ਇਸ ਨਾਲ ਜੁੜੇ ਮੁੱਦਿਆਂ ’ਤੇ ਸਿਆਸੀ ਆਗੂਆਂ ਨੂੰ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ।
ਧਾਲੀਵਾਲ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਤੇ ਆਪਣਾ ਸਪੱਸ਼ਟ ਰੁਖ਼ ਜਨਤਕ ਤੌਰ ’ਤੇ ਸਾਹਮਣੇ ਰੱਖਣ।





