ਮੇਲੇ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ

Top Trending News ਪੰਜਾਬ

 

ਮੇਲੇ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ

ਰਾਮ ਤੀਰਥ/ਚੋਗਾਵਾਂ (ਅੰਮ੍ਰਿਤਸਰ), 24 ਅਗਸਤ 2026: ਪਿੰਡ ਕੋਹਾਲੀ ਵਿਖੇ ਬਾਬਾ ਮੀਰਾਂ ਪਾਤਸ਼ਾਹ ਦੀ ਦਰਗਾਹ ’ਤੇ ਕਰਵਾਏ ਗਏ ਸੱਭਿਆਚਾਰਕ ਮੇਲੇ ਅਤੇ ਕੁਸ਼ਤੀ ਦੰਗਲ ਦੀ ਸਮਾਪਤੀ ਤੋਂ ਬਾਅਦ ਵਾਪਰੇ ਦਰਦਨਾਕ ਹਾਦਸੇ ਨੇ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ।

ਟੈਂਟ ਉਤਾਰਦੇ ਸਮੇਂ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੇਲਾ ਖ਼ਤਮ ਹੋਣ ਉਪਰੰਤ ਟੈਂਟ ਹਾਊਸ ਦੇ ਕੁਝ ਨੌਜਵਾਨ ਟੈਂਟ ਅਤੇ ਹੋਰ ਸਮਾਨ ਉਤਾਰ ਰਹੇ ਸਨ। ਇਸ ਦੌਰਾਨ ਲੋਹੇ ਦੀ ਪੌੜੀ ਨਾਲ ਟੈਂਟ ਉਤਾਰਦੇ ਸਮੇਂ ਪੌੜੀ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਲੱਗੀ।

ਤਾਰਾਂ ਦੇ ਸੰਪਰਕ ਵਿੱਚ ਆਉਂਦਿਆਂ ਹੀ ਦੋਵੇਂ ਨੌਜਵਾਨ ਕਰੰਟ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫ਼ੜਾ-ਦਫ਼ੜੀ ਮੱਚ ਗਈ। ਦੋਵੇਂ ਨੂੰ ਇਲਾਜ ਲਈ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੀ ਜਾਨ ਨਾ ਬਚ ਸਕੀ।

ਮ੍ਰਿਤਕਾਂ ਦੀ ਪਛਾਣ ਗੋਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸ਼ਹੂਰਾ ਅਤੇ ਸੋਨੂੰ ਸਿੰਘ ਵਾਸੀ ਠੱਠੀ ਵਜੋਂ ਹੋਈ ਹੈ। ਦੋਵੇਂ ਜੋਗਿੰਦਰ ਟੈਂਟ ਹਾਊਸ, ਲੋਪੋਕੇ ਵਿਖੇ ਕੰਮ ਕਰਦੇ ਸਨ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਦੱਸੇ ਜਾਂਦੇ ਹਨ। ਦੋਵਾਂ ਨੌਜਵਾਨਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਾਂ ਵਿੱਚ ਮਾਤਮ ਛਾ ਗਿਆ, ਜਦਕਿ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਹੈ।