ਅਮਰੀਕਾ-ਈਰਾਨ ਤਣਾਅ ਦਾ ਬਾਜ਼ਾਰ ’ਤੇ ਅਸਰ, ਸੈਂਸੈਕਸ 307 ਅੰਕ ਡਿੱਗਿਆ; ਨਿਫਟੀ ਵੀ ਲਾਲ ਨਿਸ਼ਾਨ ’ਤੇ
ਨਵੀਂ ਦਿੱਲੀ, 31 ਅਗਸਤ 2026: ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਫੌਜੀ ਤਣਾਅ ਦਾ ਅਸਰ ਸੋਮਵਾਰ ਨੂੰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਤੇ ਦੇਖਣ ਨੂੰ ਮਿਲਿਆ। ਪੱਛਮੀ ਏਸ਼ੀਆ ਵਿੱਚ ਵਧੀਆਂ ਭੂ-ਰਾਜਨੀਤਿਕ ਚਿੰਤਾਵਾਂ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ, ਜਿਸ ਨਾਲ ਭਾਰਤੀ ਸਟਾਕ ਮਾਰਕੀਟ ’ਤੇ ਵੀ ਦਬਾਅ ਬਣਿਆ ਰਿਹਾ।
ਕਾਰੋਬਾਰ ਦੇ ਅੰਤ ’ਤੇ ਬੀਐੱਸਈ ਸੈਂਸੈਕਸ 307.24 ਅੰਕਾਂ ਦੀ ਗਿਰਾਵਟ ਨਾਲ 76,957.27 ਦੇ ਪੱਧਰ ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 95.25 ਅੰਕ ਡਿੱਗ ਕੇ 24,080.40 ’ਤੇ ਪਹੁੰਚ ਗਿਆ।
ਬਾਜ਼ਾਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਅਮਰੀਕਾ ਅਤੇ ਈਰਾਨ ਵਿਚਕਾਰ ਵਧਿਆ ਤਣਾਅ ਮੰਨਿਆ ਜਾ ਰਿਹਾ ਹੈ। ਅਮਰੀਕਾ ਵੱਲੋਂ ਹੋਰਮੁਜ਼ ਸਟ੍ਰੇਟ ਨੇੜੇ ਈਰਾਨ ਦੇ ਲਾਰਕ ਟਾਪੂ ’ਤੇ ਕਥਿਤ ਹਮਲੇ ਅਤੇ ਦੋ ਮਿਜ਼ਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਜਾਰਡਨ ਵਿੱਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਣ ਦੀਆਂ ਖ਼ਬਰਾਂ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ।
ਇਸ ਦੌਰਾਨ ਕੱਚੇ ਤੇਲ ਦੀ ਕੀਮਤ ਲਗਭਗ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਤੇਲ ਦੀਆਂ ਵਧਦੀਆਂ ਕੀਮਤਾਂ ਭਾਰਤ ਦੇ ਆਯਾਤ ਬਿੱਲ, ਮਹਿੰਗਾਈ ਅਤੇ ਰੁਪਏ ’ਤੇ ਦਬਾਅ ਵਧਾ ਸਕਦੀਆਂ ਹਨ। ਧਾਤੂ ਅਤੇ ਆਈਟੀ ਸ਼ੇਅਰਾਂ ਵਿੱਚ ਵੀ ਕਮਜ਼ੋਰੀ ਰਹੀ।






