- AAP ਨੇ ਪਰਮਿੰਦਰ ਗੋਲਡੀ ਨੂੰ ਲਾਇਆ ਖਰੜ ਦਾ ਹਲਕਾ ਇੰਚਾਰਜ
ਐਸ ਏ ਐਸ ਨਗਰ, 2 ਸਤੰਬਰ (ਦੇਸ਼ ਕਲਿੱਕ ਬਿਊਰੋ): ਆਮ ਆਦਮੀ ਪਾਰਟੀ ਨੇ ਖਰੜ ਵਿਧਾਨ ਸਭਾ ਹਲਕੇ ਵਿੱਚ ਆਪਣੀ ਸੰਗਠਨਾਤਮਕ ਜ਼ਿੰਮੇਵਾਰੀ ਪਰਮਿੰਦਰ ਸਿੰਘ ਗੋਲਡੀ ਨੂੰ ਸੌਂਪ ਦਿੱਤੀ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਖਰੜ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਖਰੜ ਤੋਂ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਦੀ ਵਿਧਾਇਕ ਹਨ। ਗੋਲਡੀ ਦੀ ਨਿਯੁਕਤੀ ਉਸ ਸਮੇਂ ਹੋਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਖਰੜ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ‘ਲੋਕ ਮਿਲਣੀ’ ਸਮਾਗਮ ਹੋਇਆ ਸੀ। ਇਸ ਪ੍ਰੋਗਰਾਮ ਦੌਰਾਨ ਪਰਮਿੰਦਰ ਸਿੰਘ ਗੋਲਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੰਚ ’ਤੇ ਵੀ ਨਜ਼ਰ ਆਏ। ਇਸ ਮੌਕੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ ਮੌਜੂਦ ਸਨ।
ਪਰਮਿੰਦਰ ਸਿੰਘ ਗੋਲਡੀ ਇਸ ਸਮੇਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਹਨ। ਉਹ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪਾਰਟੀ ਨਾਲ ਜੁੜੀਆਂ ਗਤੀਵਿਧੀਆਂ ਤੋਂ ਇਲਾਵਾ ਉਨ੍ਹਾਂ ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ਾ ਵਿਰੋਧੀ ਰੈਲੀਆਂ ਵੀ ਕਰਵਾਈਆਂ ਗਈਆਂ ਹਨ।
ਵਿਦਿਆਰਥੀ ਰਾਜਨੀਤੀ ਤੋਂ ਕੀਤੀ ਸੀ ਸ਼ੁਰੂਆਤ
ਪਰਮਿੰਦਰ ਸਿੰਘ ਗੋਲਡੀ ਦਾ ਸਿਆਸਤ ਵਿੱਚ ਪੁਰਾਣਾ ਤਜਰਬਾ ਹੈ। ਉਹ ਵਿਦਿਆਰਥੀ ਰਾਜਨੀਤੀ ਵਿੱਚ ਵੀ ਸਰਗਰਮ ਰਹੇ ਹਨ। ਨਿਊ ਚੰਡੀਗੜ੍ਹ ਖੇਤਰ ਨਾਲ ਸਬੰਧਤ ਗੋਲਡੀ ਪਿਛਲੇ ਕੁਝ ਸਮੇਂ ਤੋਂ ਖਰੜ ਹਲਕੇ ਵਿੱਚ ਆਪਣੀ ਸਰਗਰਮੀ ਵਧਾ ਰਹੇ ਹਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਹ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਸਨ। ਹਾਲਾਂਕਿ ਉਸ ਸਮੇਂ ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਖਰੜ ਤੋਂ ਉਮੀਦਵਾਰ ਬਣਾਇਆ ਸੀ। ਹੁਣ ਗੋਲਡੀ ਵੱਲੋਂ ਹਲਕੇ ਵਿੱਚ ਲਗਾਤਾਰ ਆਪਣੀ ਪਕੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੇਜਰੀਵਾਲ ਦੀ ਮੀਟਿੰਗ ਤੋਂ ਬਾਅਦ ਫੈਸਲਾ
ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿੱਚ ਪਾਰਟੀ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਸੀ। ਇਸ ਦੌਰਾਨ ਹਲਕੇ ਦੀ ਸਿਆਸੀ ਸਥਿਤੀ ਅਤੇ ਸੰਗਠਨ ਨਾਲ ਸਬੰਧਤ ਫੀਡਬੈਕ ਲਿਆ ਗਿਆ। ਇਸ ਤੋਂ ਬਾਅਦ ਹੀ ਖਰੜ ਹਲਕੇ ਦੀ ਜ਼ਿੰਮੇਵਾਰੀ ਗੋਲਡੀ ਨੂੰ ਦੇਣ ਦਾ ਫੈਸਲਾ ਸਾਹਮਣੇ ਆਇਆ ਹੈ। ਗੋਲਡੀ ਤੋਂ ਪਹਿਲਾਂ ਜਸਵੀਰ ਸਿੰਘ ਗੜ੍ਹੀ ਨੂੰ ਵੀ ਪਾਰਟੀ ਵੱਲੋਂ ਇੱਕ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਜਾ ਚੁੱਕੀ ਹੈ।
ਅਨਮੋਲ ਗਗਨ ਮਾਨ ਨੇ 2025 ’ਚ ਦਿੱਤਾ ਸੀ ਅਸਤੀਫ਼ੇ ਦਾ ਐਲਾਨ
ਅਨਮੋਲ ਗਗਨ ਮਾਨ ਨੇ 19 ਜੁਲਾਈ 2025 ਨੂੰ ਸੋਸ਼ਲ ਮੀਡੀਆ ਰਾਹੀਂ ਸਰਗਰਮ ਰਾਜਨੀਤੀ ਛੱਡਣ ਅਤੇ ਖਰੜ ਦੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਅਗਲੇ ਹੀ ਦਿਨ 20 ਜੁਲਾਈ ਨੂੰ ਉਨ੍ਹਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਸੀ। ਪੰਜਾਬ AAP ਦੇ ਪ੍ਰਧਾਨ ਅਮਨ ਅਰੋੜਾ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਅਸਤੀਫ਼ਾ ਵਾਪਸ ਲੈ ਲਿਆ ਅਤੇ ਉਹ ਖਰੜ ਤੋਂ ਵਿਧਾਇਕ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਰਹੀਆਂ।







