ਦਿਸ਼ਾ ਸਲਿਆਨ ਮੌਤ ਮਾਮਲਾ: ਹਾਈ ਕੋਰਟ ਵੱਲੋਂ CBI ਜਾਂਚ ਦੇ ਹੁਕਮ, FIR ਦਰਜ ਕਰਨ ਦੇ ਨਿਰਦੇਸ਼

Top Trending News ਰਾਸ਼ਟਰੀ

 

ਦਿਸ਼ਾ ਸਲਿਆਨ ਮੌਤ ਮਾਮਲਾ: ਹਾਈ ਕੋਰਟ ਵੱਲੋਂ CBI ਜਾਂਚ ਦੇ ਹੁਕਮ, FIR ਦਰਜ ਕਰਨ ਦੇ ਨਿਰਦੇਸ਼

ਮੁੰਬਈ, 2 ਸਤੰਬਰ 2026: ਬੰਬੇ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ ਦੇ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ। ਦਿਸ਼ਾ ਸਲਿਆਨ ਦੀ 8 ਜੂਨ 2020 ਨੂੰ ਮੁੰਬਈ ਦੇ ਮਲਾਡ ਇਲਾਕੇ ਵਿੱਚ ਇੱਕ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ।

ਦਿਸ਼ਾ ਦੀ ਮੌਤ ਤੋਂ ਛੇ ਦਿਨ ਬਾਅਦ, 14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਵੀ ਆਪਣੇ ਘਰ ਵਿੱਚ ਮ੍ਰਿਤਕ ਮਿਲੇ ਸਨ। ਦਿਸ਼ਾ ਦੇ ਪਿਤਾ ਸਤੀਸ਼ ਸਲਿਆਨ ਨੇ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਧੀ ਦੀ ਮੌਤ ਦੀ ਮੁੜ ਜਾਂਚ ਅਤੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ।

ਪਟੀਸ਼ਨ ਵਿੱਚ ਸਤੀਸ਼ ਸਲਿਆਨ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਧੀ ਨਾਲ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਅਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਪੁਲਿਸ ਦਾ ਹੁਣ ਤੱਕ ਕਹਿਣਾ ਰਿਹਾ ਹੈ ਕਿ ਦਿਸ਼ਾ ਦੀ ਮੌਤ ਖੁਦਕੁਸ਼ੀ ਕਾਰਨ ਹੋਈ ਸੀ ਅਤੇ ਜਾਂਚ ਦੌਰਾਨ ਜਿਨਸੀ ਹਮਲੇ ਜਾਂ ਹੋਰ ਕਿਸੇ ਅਪਰਾਧਿਕ ਸਾਜ਼ਿਸ਼ ਦੇ ਸਬੂਤ ਨਹੀਂ ਮਿਲੇ।

ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਮੁੰਬਈ ਪੁਲਿਸ ਦੀ ਜਾਂਚ ਦੇ ਕਈ ਪਹਿਲੂਆਂ ’ਤੇ ਸਵਾਲ ਉਠਾਏ। ਅਦਾਲਤ ਨੇ ਪੋਸਟਮਾਰਟਮ ਰਿਪੋਰਟ ਵਿੱਚ ਦਰਜ ਸੱਟਾਂ, ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ, ਗਵਾਹਾਂ ਦੇ ਬਿਆਨਾਂ ਅਤੇ ਪੰਚਨਾਮੇ ਸਮੇਤ ਜਾਂਚ ਦੀ ਕਾਰਵਾਈ ਬਾਰੇ ਸਵਾਲ ਕੀਤੇ।

ਅਦਾਲਤ ਨੇ ਇਹ ਵੀ ਪੁੱਛਿਆ ਕਿ ਪਰਿਵਾਰ ਵੱਲੋਂ ਮੌਤ ਦੇ ਹਾਲਾਤ ’ਤੇ ਸ਼ੱਕ ਜਤਾਏ ਜਾਣ ਦੇ ਬਾਵਜੂਦ ਐਫਆਈਆਰ ਕਿਉਂ ਦਰਜ ਨਹੀਂ ਕੀਤੀ ਗਈ। ਪੁਲਿਸ ਨੇ ਸ਼ੁਰੂ ਵਿੱਚ ਐਕਸੀਡੈਂਟਲ ਡੈਥ ਰਿਪੋਰਟ (ਏਡੀਆਰ) ਦਰਜ ਕੀਤੀ ਸੀ, ਜਿਸ ਤੋਂ ਬਾਅਦ ਜਾਂਚ ਵਿੱਚ ਮੌਤ ਨੂੰ ਖੁਦਕੁਸ਼ੀ ਮੰਨਿਆ ਗਿਆ।

ਸੁਣਵਾਈ ਦੌਰਾਨ ਪੋਸਟਮਾਰਟਮ ਪ੍ਰਕਿਰਿਆ ’ਤੇ ਵੀ ਸਵਾਲ ਉਠੇ। ਦੱਸਿਆ ਗਿਆ ਕਿ ਦਿਸ਼ਾ ਦਾ ਪੋਸਟਮਾਰਟਮ ਇੱਕ ਡਾਕਟਰ ਨੇ ਕੀਤਾ ਸੀ, ਜਦਕਿ ਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਦੋ ਡਾਕਟਰਾਂ ਦੀ ਲੋੜ ਹੁੰਦੀ ਹੈ। ਰਿਪੋਰਟ ਵਿੱਚ ਸਿਰ, ਬਾਹਾਂ, ਲੱਤਾਂ ਅਤੇ ਛਾਤੀ ’ਤੇ ਸੱਟਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਮੌਤ ਦਾ ਕਾਰਨ ਸਿਰ ’ਤੇ ਲੱਗੀ ਸੱਟ ਦੱਸਿਆ ਗਿਆ ਸੀ।

2023 ਵਿੱਚ ਮੁੰਬਈ ਪੁਲਿਸ ਨੇ ਦਿਸ਼ਾ ਸਲਿਆਨ ਦੀ ਮੌਤ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੀ ਗਠਿਤ ਕੀਤੀ ਸੀ। ਪੁਲਿਸ ਨੇ ਆਪਣੇ ਪੱਖ ਵਿੱਚ ਕਿਹਾ ਸੀ ਕਿ ਜਾਂਚ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਦਿਸ਼ਾ ਨੇ ਇਮਾਰਤ ਤੋਂ ਛਾਲ ਮਾਰੀ ਸੀ ਅਤੇ ਪੋਸਟਮਾਰਟਮ ਵਿੱਚ ਜਬਰ ਜਨਾਹ ਜਾਂ ਜਿਨਸੀ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ।