ਸਰਹਿੰਦ ਨਹਿਰ ’ਚ ਪਿਆ ਪਾੜ! ਭੈਰੋਮਾਜਰਾ ਮਾਰਗ ਜਲਥਲ
ਸ੍ਰੀ ਚਮਕੌਰ ਸਾਹਿਬ, 2 ਸਤੰਬਰ 2026: ਸ੍ਰੀ ਚਮਕੌਰ ਸਾਹਿਬ ਦੇ ਭੈਰੋਮਾਜਰਾ ਮਾਰਗ ’ਤੇ ਪਿਛਲੇ ਤਿੰਨ ਦਿਨਾਂ ਤੋਂ ਰਿਸ ਰਹੇ ਨਹਿਰੀ ਪਾਣੀ ਨੇ ਬੁੱਧਵਾਰ ਤੜਕੇ ਉਸ ਵੇਲੇ ਖਤਰਨਾਕ ਰੂਪ ਧਾਰ ਲਿਆ, ਜਦੋਂ ਮਾਰਗ ’ਤੇ ਕਰੀਬ 20 ਮੀਟਰ ਚੌੜਾ ਅਤੇ 12 ਫੁੱਟ ਡੂੰਘਾ ਪਾੜ ਪੈ ਗਿਆ। ਪਾੜ ਪੈਣ ਕਾਰਨ ਨਹਿਰੀ ਪਾਣੀ ਤੇਜ਼ੀ ਨਾਲ ਜਟਾਣਾ, ਬੇਲਾ, ਭੈਰੋਮਾਜਰਾ ਅਤੇ ਟਪਰੀਆਂ ਵੱਲ ਵਹਿਣ ਲੱਗ ਪਿਆ, ਜਿਸ ਨਾਲ ਇਨ੍ਹਾਂ ਪਿੰਡਾਂ ਲਈ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦਾ ਖ਼ਤਰਾ ਬਣ ਗਿਆ।
ਘਟਨਾ ਦਾ ਪਤਾ ਤੜਕੇ ਕਰੀਬ 5 ਵਜੇ ਲੱਗਾ, ਜਦੋਂ ਪਿੰਡ ਭੈਰੋਮਾਜਰਾ ਦੇ ਦੋ ਮੋਟਰਸਾਈਕਲ ਸਵਾਰ ਇਸ ਪਾੜ ਵਿਚ ਡਿੱਗ ਪਏ। ਦੋਵੇਂ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ ਇੱਕ ਮੋਟਰਸਾਈਕਲ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਕੇ ਦੂਰ ਝਾੜੀਆਂ ਵਿੱਚ ਜਾ ਫਸਿਆ। ਨੌਜਵਾਨਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਪਿੰਡ ਵਾਸੀਆਂ ਨੂੰ ਫੋਨ ਰਾਹੀਂ ਸੂਚਿਤ ਕੀਤਾ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਤੋਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।
ਅਨਾਊਂਸਮੈਂਟ ਹੁੰਦੇ ਹੀ ਵੱਡੀ ਗਿਣਤੀ ਵਿੱਚ ਨੌਜਵਾਨ ਮੌਕੇ ’ਤੇ ਪਹੁੰਚ ਗਏ ਅਤੇ ਰੇਤ ਦੀਆਂ ਬੋਰੀਆਂ ਪਾ ਕੇ ਪਾਣੀ ਦੇ ਵਹਾਅ ਨੂੰ ਰੋਕਣ ਅਤੇ ਪਾੜ ਨੂੰ ਭਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਲਿਜਾਇਆ ਗਿਆ। ਕੁਝ ਹੀ ਸਮੇਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਵੀ ਬਲਾਚੌਰ ਤੋਂ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਖੁਦ ਨੌਜਵਾਨਾਂ ਨਾਲ ਮਿਲ ਕੇ ਰੇਤ ਦੀਆਂ ਬੋਰੀਆਂ ਚੁੱਕ ਕੇ ਪਾਣੀ ਰੋਕਣ ਵਿੱਚ ਮਦਦ ਕੀਤੀ। ਗੜ੍ਹੀ ਨੇ ਇਸ ਘਟਨਾ ਨੂੰ ਪ੍ਰਸ਼ਾਸਨਿਕ ਅਣਗਹਿਲੀ ਕਰਾਰ ਦਿੰਦਿਆਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਿੱਤੀ ਗਈ ਹੈ।
ਇਸ ਦੌਰਾਨ ਲੋਕਾਂ ਨੇ ਦੋਸ਼ ਲਾਇਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਨਹਿਰ ਦੇ ਕਮਜ਼ੋਰ ਹੋ ਰਹੇ ਹਿੱਸੇ ਅਤੇ ਪਾਣੀ ਦੀ ਰਿਸਾਅ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾ ਰਹੇ ਸਨ, ਪਰ ਸਮੇਂ ਸਿਰ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਲੋਕਾਂ ਮੁਤਾਬਕ ਪੁਲ ਹੇਠ ਫਸਿਆ ਕਬਾੜ ਵੀ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣਿਆ, ਜਿਸ ਕਾਰਨ ਸਥਿਤੀ ਹੋਰ ਵਿਗੜੀ।
ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਸ੍ਰੀ ਚਮਕੌਰ ਸਾਹਿਬ ਦੇ ਪੁਲ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਪੰਜਾਬ ਸਰਕਾਰ, ਹਲਕਾ ਵਿਧਾਇਕ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਮੰਗ ਕੀਤੀ ਕਿ ਨਹਿਰ ਵਿੱਚ ਪਏ ਪਾੜ ਨੂੰ ਤੁਰੰਤ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਅਤੇ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।







