ਕੈਨੇਡਾ ’ਚ ਤੇਜ਼ ਹਨ੍ਹੇਰੀ ਤੇ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, 65 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ

Top Trending News ਕੌਮਾਂਤਰੀ

  • ਕੈਨੇਡਾ ’ਚ ਤੇਜ਼ ਹਨ੍ਹੇਰੀ ਤੇ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, 65 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ

ਟੋਰਾਂਟੋ (ਕੈਨੇਡਾ) 3 ਸਤੰਬਰ (ਦੇਸ਼ ਕਲਿੱਕ ਬਿਊਰੋ): ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਸ਼ਾਮ ਆਏ ਤੇਜ਼ ਤੂਫ਼ਾਨ ਅਤੇ ਮੋਹਲੇਧਾਰ ਮੀਂਹ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਤੇਜ਼ ਹਨ੍ਹੇਰੀ ਦੀ ਰਫ਼ਤਾਰ 125 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਹੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਦਰੱਖਤ ਜ਼ਮੀਨ ’ਤੇ ਡਿੱਗ ਗਏ ਅਤੇ ਸੈਂਕੜੇ ਬਿਜਲੀ ਦੇ ਖੰਭੇ ਨੁਕਸਾਨੇ ਗਏ।

ਤੂਫ਼ਾਨ ਕਾਰਨ 65 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਸ ਦੇ ਨਾਲ ਹੀ ਕਰੀਬ ਡੇਢ ਘੰਟੇ ਤੱਕ ਪਏ ਭਾਰੀ ਮੀਂਹ ਨੇ ਹਾਲਾਤ ਹੋਰ ਵਿਗਾੜ ਦਿੱਤੇ। ਕਈ ਇਲਾਕਿਆਂ ਦੀਆਂ ਸੜਕਾਂ ’ਤੇ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਅਤੇ ਤੇਜ਼ ਵਹਾਅ ਕਾਰਨ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ।

ਸੜਕਾਂ ’ਤੇ ਤੈਰਨ ਲੱਗੀਆਂ ਕਾਰਾਂ, ਬੱਸਾਂ ’ਚ ਵੀ ਵੜਿਆ ਪਾਣੀ
ਭਾਰੀ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਕਿ ਕਈ ਕਾਰਾਂ ਸੜਕਾਂ ਤੋਂ ਵਹਿ ਗਈਆਂ। ਕਈ ਬੱਸਾਂ ਦੇ ਅੰਦਰ ਤੱਕ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਵੱਲੋਂ ਇਸ ਤੂਫ਼ਾਨ ਅਤੇ ਭਾਰੀ ਮੀਂਹ ਸਬੰਧੀ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਗਈ ਸੀ। ਪਾਣੀ ਭਰਨ ਕਾਰਨ ਰੇਲਵੇ ਦੀਆਂ ਤਿੰਨ ਲਾਈਨਾਂ ’ਤੇ ਆਵਾਜਾਈ ਵੀ ਰੋਕਣੀ ਪਈ।

ਕਈ ਇਲਾਕਿਆਂ ’ਚ ਵੱਡੇ ਗੜ੍ਹੇ, ਵਾਹਨਾਂ ਦੇ ਸ਼ੀਸ਼ੇ ਟੁੱਟੇ
ਤੂਫ਼ਾਨ ਦੌਰਾਨ ਟੋਰਾਂਟੋ ਦੇ ਕੇਂਦਰੀ ਇਲਾਕੇ ਤੋਂ ਬਾਹਰ ਕਈ ਥਾਵਾਂ ’ਤੇ ਵੱਡੇ ਆਕਾਰ ਦੇ ਗੜ੍ਹੇ ਪਏ। ਇਸ ਕਾਰਨ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਮੌਸਮੀ ਕਹਿਰ ਤੋਂ ਬਾਅਦ ਦੇਰ ਰਾਤ ਤੱਕ ਕਈ ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਠੱਪ ਰਹੀ। ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲੈਣ ਦਾ ਕੰਮ ਜਾਰੀ ਹੈ। ਅਧਿਕਾਰੀਆਂ ਮੁਤਾਬਕ ਤੂਫ਼ਾਨ ਕਾਰਨ ਹੋਏ ਕੁੱਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਵਿੱਚ ਕੁਝ ਦਿਨ ਲੱਗ ਸਕਦੇ ਹਨ।