ਮੋਹਾਲੀ ‘ਚ ਸੜਕ ਕਿਨਾਰੇ ਟਰਾਲੀਆਂ ‘ਤੇ ਵੱਸੇ ਪਿੰਡ, ਹੰਕਾਰੀ ਸਰਕਾਰ ਦਾ ਉਜਾੜਾ ਬਣਨਗੇ – ਗਿਆਨੀ ਹਰਪ੍ਰੀਤ ਸਿੰਘ

Top Trending News ਪੰਜਾਬ

  • ਮੋਹਾਲੀ ‘ਚ ਸੜਕ ਕਿਨਾਰੇ ਟਰਾਲੀਆਂ ‘ਤੇ ਵੱਸੇ ਪਿੰਡ, ਹੰਕਾਰੀ ਸਰਕਾਰ ਦਾ ਉਜਾੜਾ ਬਣਨਗੇ – ਗਿਆਨੀ ਹਰਪ੍ਰੀਤ ਸਿੰਘ

ਮੋਹਾਲੀ, 3 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਅੱਜ ਸੜਕਾਂ ‘ਤੇ ਉਤਰਨ ਲਈ ਮਜਬੂਰ ਹੈ। ਪਰ ਸਰਕਾਰ ਨੇ ਮੰਗਾਂ ਤਾਂ ਕੀ ਮੰਨਣੀਆਂ ਹਨ, ਉਹਨਾਂ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢਣ ਦਾ ਯਤਨ ਵੀ ਨਹੀ ਕਰ ਰਹੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੜਕ ਕਿਨਾਰੇ ਟਰਾਲੀਆਂ ‘ਤੇ ਵੱਸੇ ਇਹ ਪਿੰਡ ਸਰਕਾਰਾਂ ਉਜਾੜਨ ਦਾ ਸਬੱਬ ਜਰੂਰ ਬਣਨਗੇ। ਕਿਉਂਕਿ ਸਰਕਾਰ ਨੂੰ ਦੁਸ਼ਮਣ ਵਜੋਂ ਦਿੱਸਦੇ, ਹੱਕ ਮੰਗਣ ਵਾਲੇ ਇਹਨਾਂ ਲੋਕਾਂ ਨੇ ਹੀ ਆਖਿਰ ਵੋਟਾਂ ਪਾਕੇ ਸਰਕਾਰ ਚੁਣਨੀ ਹੈ। ਇਸਤੋਂ ਪਹਿਲਾਂ ਛੇ ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਵੀ ਉਹਨਾਂ ਦਾ ਬਣਦਾ ਪੈਸਾ ਦੇਣ ਦੀ ਬਜਾਏ ਸਰਕਾਰ ਸੁਪਰੀਮ ਕੋਰਟ ਦਾ ਦਰਵਾਜਾ ਖੜਕਾ ਚੁੱਕੀ ਹੈ।

ਬੇਸਮਝ ਆਗੂਆਂ ਨੂੰ ਇੰਨਾ ਵੀ ਸਮਝ ਨਹੀਂ ਆ ਰਿਹਾ ਕਿ ਕਿਸਾਨਾਂ ਅਤੇ ਮੁਲਾਜ਼ਮਾਂ ਦੇ ਹੱਕ ਮਾਰਕੇ ਉਹ ਸਰਕਾਰਾਂ ਕਿਵੇਂ ਚਲਾ ਲੈਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਸਮੂਹ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਪੂਰੀ ਇਕਜੁੱਟਤਾ ਪ੍ਰਗਟਾਉਂਦਿਆਂ ਕਿਹਾ ਕਿ ਅਕਾਲੀ ਦਲ ਪੁਨਰ-ਸੁਰਜੀਤ ਵੱਧ ਚੜ੍ਹ ਕੇ ਉਹਨਾਂ ਦੇ ਸੰਘਰਸ਼ ਵਿੱਚ ਸਾਥ ਦੇਵੇਗਾ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।