ਕੁਦਰਤ ਨੇ ਅਮੀਰ ਬਣਾਇਆ, ਹਾਕਮਾਂ ਨੇ ਗਰੀਬ ਕਰ ਛੱਡਿਆ ਭਾਰਤ ਮਹਾਨ

ਲੇਖ

  • ਕੁਦਰਤ ਨੇ ਅਮੀਰ ਬਣਾਇਆ, ਹਾਕਮਾਂ ਨੇ ਗਰੀਬ ਕਰ ਛੱਡਿਆ ਭਾਰਤ ਮਹਾਨ

ਸਾਡਾ ਮੁਲਕ ਕੁਦਰਤ ਵੱਲੋਂ ਬਖ਼ਸ਼ੀਆਂ ਅਣਮੁੱਲੀਆਂ ਦਾਤਾਂ ਨਾਲ ਭਰਪੂਰ ਹੈ। ਇੱਥੇ ਹਰ ਤਰ੍ਹਾਂ ਦੇ ਮੌਸਮ ਹਨ, ਵਿਸ਼ਾਲ ਅਤੇ ਜ਼ਰਖੇਜ਼ ਖੇਤੀਯੋਗ ਧਰਤੀ ਹੈ, ਦਰਿਆ ਹਨ, ਜੰਗਲ ਹਨ, ਸਮੁੰਦਰ ਹਨ ਅਤੇ ਖਣਿਜਾਂ ਨਾਲ ਭਰਪੂਰ ਧਰਤੀ ਹੈ। ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ, ਵੱਖ-ਵੱਖ ਧਰਮਾਂ, ਭਾਸ਼ਾਵਾਂ, ਜਾਤਾਂ-ਗੋਤਾਂ ਅਤੇ ਸੱਭਿਆਚਾਰਾਂ ਦੇ ਲੋਕ ਇਸ ਧਰਤੀ ’ਤੇ ਵੱਸਦੇ ਹਨ। ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਬਾਬਾ ਨਾਨਕ ਦੀ ਧਰਤੀ ਨੇ ਦੁਨੀਆ ਨੂੰ ਮਨੁੱਖਤਾ,ਸਾਂਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ।ਪਰ ਅੱਜ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਹੈ ਇੰਨੀ ਅਮੀਰ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਦੇ ਬਾਵਜੂਦ ਸਾਡਾ ਮੁਲਕ ਆਪਣੇ ਹੀ ਨੌਜਵਾਨਾਂ ਲਈ ਰਹਿਣਯੋਗ ਅਤੇ ਉਮੀਦ ਭਰਿਆ ਕਿਉਂ ਨਹੀਂ ਰਹਿ ਗਿਆ?ਅੱਜ ਦੇਸ਼ ਦਾ ਵੱਡਾ ਹਿੱਸਾ ਨੌਜਵਾਨ ਵਰਗ ਵਿਦੇਸ਼ਾਂ ਵੱਲ ਜਾਣ ਲਈ ਬੇਤਾਬ ਹੈ। ਕੋਈ ਪੜ੍ਹਾਈ ਲਈ,ਕੋਈ ਰੁਜ਼ਗਾਰ ਦੀ ਭਾਲ ਵਿੱਚ ਅਤੇ ਕੋਈ ਆਪਣੇ ਬੱਚਿਆਂ ਦੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ।

ਬਹੁਤ ਸਾਰੇ ਪਰਿਵਾਰ ਆਪਣੀ ਜ਼ਮੀਨ, ਜਾਇਦਾਦ ਅਤੇ ਜਮ੍ਹਾਂ ਪੂੰਜੀ ਤੱਕ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਇਹ ਸਿਰਫ਼ ਵਿਦੇਸ਼ ਜਾਣ ਦਾ ਰੁਝਾਨ ਨਹੀਂ, ਸਗੋਂ ਦੇਸ਼ ਦੇ ਪ੍ਰਬੰਧ ’ਤੇ ਇੱਕ ਗੰਭੀਰ ਸਵਾਲੀਆ ਨਿਸ਼ਾਨ ਹੈ। ਦੂਜੇ ਪਾਸੇ ਦੁਨੀਆ ਦੇ ਕਈ ਅਜਿਹੇ ਮੁਲਕ ਹਨ ਜਿੱਥੇ ਕੁਦਰਤੀ ਹਾਲਾਤ ਬੇਹੱਦ ਕਠਿਨ ਹਨ। ਕਈ ਥਾਵਾਂ ’ਤੇ ਸਾਲ ਦੇ ਕਈ ਮਹੀਨੇ ਭਾਰੀ ਬਰਫ਼ਬਾਰੀ ਹੁੰਦੀ ਹੈ ਅਤੇ ਤਾਪਮਾਨ ਮਾਇਨਸ 30 ਜਾਂ 40 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ। ਫਿਰ ਵੀ ਉਨ੍ਹਾਂ ਦੇ ਹਾਕਮਾਂ ਨੇ ਆਪਣੇ ਦੇਸ਼ਾਂ ਨੂੰ ਸਿਰਫ਼ ਰਹਿਣਯੋਗ ਹੀ ਨਹੀਂ ਬਣਾਇਆ, ਸਗੋਂ ਅਜਿਹੀਆਂ ਆਰਥਿਕ ਅਤੇ ਸਮਾਜਿਕ ਵਿਵਸਥਾਵਾਂ ਕਾਇਮ ਕੀਤੀਆਂ ਜਿੱਥੇ ਦੁਨੀਆ ਦੇ ਹੋਰ ਗਰੀਬ ਜਾਂ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਵੀ ਆਪਣਾ ਭਵਿੱਖ ਬਣਾਉਣ ਦੀ ਆਸ ਨਾਲ ਪਹੁੰਚਦੇ ਹਨ।

ਇੱਥੇ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਦੇਸ਼ ਦੀ ਤਰੱਕੀ ਸਿਰਫ਼ ਉਸ ਦੀ ਕੁਦਰਤੀ ਦੌਲਤ ਨਾਲ ਨਹੀਂ ਹੁੰਦੀ। ਅਸਲ ਤਰੱਕੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਹਾਕਮ ਉਸ ਦੌਲਤ ਦੀ ਵਰਤੋਂ ਕਿਸ ਤਰੀਕੇ ਨਾਲ ਕਰਦੇ ਹਨ। ਚੰਗਾ ਪ੍ਰਸ਼ਾਸਨ, ਇਮਾਨਦਾਰ ਨੀਤੀਆਂ, ਗੁਣਵੱਤਾ ਵਾਲੀ ਸਿੱਖਿਆ, ਰੁਜ਼ਗਾਰ ਦੇ ਮੌਕੇ, ਮਜ਼ਬੂਤ ਸਿਹਤ ਪ੍ਰਬੰਧ, ਕਾਨੂੰਨ ਦਾ ਰਾਜ ,ਟਰੈਫਿਕ ਪ੍ਰਬੰਧਨ ਅਤੇ ਭ੍ਰਿਸ਼ਟਾਚਾਰ ’ਤੇ ਕਾਬੂ ਆਦਿ ਇਹ ਉਹ ਬੁਨਿਆਦੀ ਚੀਜ਼ਾਂ ਹਨ ਜੋ ਕਿਸੇ ਦੇਸ਼ ਨੂੰ ਆਪਣੇ ਨਾਗਰਿਕਾਂ ਲਈ ਰਹਿਣਯੋਗ ਬਣਾਉਂਦੀਆਂ ਹਨਸਾਡੇ ਦੇਸ਼ ਵਿੱਚ ਕੁਦਰਤੀ ਸਰੋਤਾਂ ਦੀ ਕਮੀ ਨਹੀਂ, ਪਰ ਸਵਾਲ ਉਨ੍ਹਾਂ ਦੀ ਵੰਡ ਅਤੇ ਵਰਤੋਂ ਦਾ ਹੈ। ਜੇ ਦੇਸ਼ ਦੀ ਦੌਲਤ ਦਾ ਲਾਭ ਸਮਾਜ ਦੇ ਵੱਡੇ ਹਿੱਸੇ ਤੱਕ ਨਹੀਂ ਪਹੁੰਚਦਾ ਤੇ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾਂਦਾ ਹੋਵੇ ਅਤੇ ਆਮ ਨਾਗਰਿਕ ਨੂੰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਸੰਘਰਸ਼ ਕਰਨਾ ਪਵੇ ਤਾਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਲੋਕਾਂ ਨੂੰ ਖੋਖਲੇ ਲੱਗਣੇ ਸੁਭਾਵਿਕ ਹਨ।

ਸਭ ਤੋਂ ਵੱਡੀ ਚਿੰਤਾ ਨੌਜਵਾਨਾਂ ਦੇ ਦੇਸ਼ ਛੱਡਣ ਦੀ ਹੈ। ਜਿਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਨੌਜਵਾਨ ਆਬਾਦੀ ਹੋਵੇ, ਜੇ ਉਹੀ ਨੌਜਵਾਨ ਆਪਣੇ ਭਵਿੱਖ ਨੂੰ ਦੇਸ਼ ਤੋਂ ਬਾਹਰ ਦੇਖਣ ਲੱਗ ਪੈਣ ਤਾਂ ਇਹ ਕਿਸੇ ਵੀ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰੋਕਣ ਲਈ ਸਿਰਫ਼ ਭਾਸ਼ਣ ਕਾਫ਼ੀ ਨਹੀਂ। ਉਨ੍ਹਾਂ ਨੂੰ ਮਿਆਰੀ ਸਿੱਖਿਆ, ਯੋਗਤਾ ਅਨੁਸਾਰ ਰੁਜ਼ਗਾਰ, ਉਦਯੋਗ, ਸੁਰੱਖਿਅਤ ਵਾਤਾਵਰਨ ਅਤੇ ਮਿਹਨਤ ਦਾ ਉਚਿਤ ਮੁੱਲ ਦੇਣਾ ਪਵੇਗਾ।ਸਾਡੇ ਹਾਕਮਾਂ ਨੂੰ ਇਹ ਸਮਝਣਾ ਪਵੇਗਾ ਕਿ ਦੇਸ਼ ਸਿਰਫ਼ ਸੜਕਾਂ, ਇਮਾਰਤਾਂ ,ਪੁਲਾਂ ਅਤੇ ਅੰਕੜਿਆਂ ਨਾਲ ਨਹੀਂ ਬਣਦਾ।

ਦੇਸ਼ ਉਸ ਵੇਲੇ ਬਣਦਾ ਹੈ ਜਦੋਂ ਉਸ ਦਾ ਆਮ ਨਾਗਰਿਕ ਆਪਣੇ ਘਰ ਵਿੱਚ ਸੁਰੱਖਿਅਤ, ਸਨਮਾਨਿਤ ਅਤੇ ਆਰਥਿਕ ਤੌਰ ’ਤੇ ਸਮਰੱਥ ਮਹਿਸੂਸ ਕਰੇ। ਕੁਦਰਤ ਨੇ ਸਾਨੂੰ ਬੇਸ਼ੁਮਾਰ ਦਾਤਾਂ ਦਿੱਤੀਆਂ ਹਨ। ਸਾਡੀ ਧਰਤੀ ਨੇ ਸਾਨੂੰ ਅੰਨ ਦਿੱਤਾ, ਸਾਡੀ ਵਿਰਾਸਤ ਨੇ ਸਾਨੂੰ ਵਿਚਾਰ ਦਿੱਤੇ ਅਤੇ ਸਾਡੇ ਗੁਰੂਆਂ-ਪੀਰਾਂ ਨੇ ਸਾਨੂੰ ਮਨੁੱਖਤਾ ਦਾ ਰਾਹ ਦਿਖਾਇਆ। ਹੁਣ ਵਾਰੀ ਹਾਕਮਾਂ ਦੀ ਹੈ ਕਿ ਉਹ ਅਜਿਹੀ ਵਿਵਸਥਾ ਬਣਾਉਣ ਜਿਸ ਵਿੱਚ ਸਾਡੇ ਬੱਚਿਆਂ ਨੂੰ ਆਪਣਾ ਭਵਿੱਖ ਬਣਾਉਣ ਲਈ ਆਪਣੀ ਮਿੱਟੀ ਛੱਡਣ ਦੀ ਮਜਬੂਰੀ ਨਾ ਹੋਵੇ।ਸਵਾਲ ਸਿਰਫ਼ ਇਹ ਨਹੀਂ ਕਿ ਸਾਡੇ ਨੌਜਵਾਨ ਵਿਦੇਸ਼ ਕਿਉਂ ਜਾ ਰਹੇ ਹਨ। ਅਸਲ ਸਵਾਲ ਇਹ ਹੈ ਕਿ ਅਸੀਂ ਆਪਣੇ ਦੇਸ਼ ਨੂੰ ਅਜਿਹਾ ਕਿਉਂ ਨਹੀਂ ਬਣਾ ਸਕੇ ਜਿੱਥੇ ਉਹ ਰਹਿਣਾ ਚਾਹੁਣ?

ਵਲੋਂ-: ਗੁਰਮੀਤ ਸਿੰਘ ਸੁਖਪੁਰ
(9465915763)