ਵੱਡੀ ਖ਼ਬਰ: ਇੰਡੋਨੇਸ਼ੀਆ ‘ਚ ਲਗਾਤਾਰ ਦੂਜੇ ਦਿਨ 6.2 ਤੀਬਰਤਾ ਦਾ ਭੂਚਾਲ

Top Trending News ਕੌਮਾਂਤਰੀ

 

ਵੱਡੀ ਖ਼ਬਰ: ਇੰਡੋਨੇਸ਼ੀਆ ‘ਚ ਲਗਾਤਾਰ ਦੂਜੇ ਦਿਨ 6.2 ਤੀਬਰਤਾ ਦਾ ਭੂਚਾਲ

ਨਵੀਂ ਦਿੱਲੀ 12 ਸਤੰਬਰ 2026- ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ ਲਗਾਤਾਰ ਦੂਜੇ ਦਿਨ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਿਜ਼ (GFZ) ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਲਗਭਗ 376 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਵਿਗਿਆਨੀਆਂ ਮੁਤਾਬਕ ਇਹ ਇੱਕ ‘ਡੀਪ-ਫੋਕਸ’ ਭੂਚਾਲ ਸੀ। ਇਸ ਤਰ੍ਹਾਂ ਦੇ ਭੂਚਾਲ ਧਰਤੀ ਦੀ ਸਤ੍ਹਾ ਤੋਂ ਕਾਫ਼ੀ ਡੂੰਘਾਈ ‘ਤੇ ਆਉਂਦੇ ਹਨ, ਜਿਸ ਕਾਰਨ ਆਮ ਤੌਰ ‘ਤੇ ਸਤ੍ਹਾ ‘ਤੇ ਇਨ੍ਹਾਂ ਦਾ ਪ੍ਰਭਾਵ ਘੱਟ ਹੋ ਸਕਦਾ ਹੈ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।

ਇਸ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਵੀ ਇੰਡੋਨੇਸ਼ੀਆ ਵਿੱਚ 6.2 ਤੀਬਰਤਾ ਦਾ ਭੂਚਾਲ ਆਇਆ ਸੀ। ਇਹ ਭੂਚਾਲ ਮਾਲੁਕੁ ਟਾਪੂ ਦੇ ਨੇੜੇ ਬਾਂਦਾ ਸਾਗਰ ਵਿੱਚ ਦਰਜ ਕੀਤਾ ਗਿਆ ਸੀ। ਇਸ ਦੀ ਡੂੰਘਾਈ ਲਗਭਗ 143 ਕਿਲੋਮੀਟਰ ਸੀ।

ਲਗਾਤਾਰ ਦੋ ਦਿਨ ਭੂਚਾਲ ਦੇ ਝਟਕੇ ਆਉਣ ਤੋਂ ਬਾਅਦ ਸਥਾਨਕ ਪੱਧਰ ‘ਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ, ਅਧਿਕਾਰੀਆਂ ਵੱਲੋਂ ਕਿਸੇ ਵੱਡੇ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।