- ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ UAPA ਤਹਿਤ ਅੱਤਵਾਦੀ ਸੰਗਠਨ ਐਲਾਨਿਆ
ਨਵੀਂ ਦਿੱਲੀ, 16 ਸਤੰਬਰ (ਦੇਸ਼ ਕਲਿੱਕ ਬਿਊਰੋ): ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਤਹਿਤ ਅੱਤਵਾਦੀ ਸੰਗਠਨ ਐਲਾਨਿਆ ਹੈ। ਗ੍ਰਹਿ ਮੰਤਰਾਲੇ ਮੁਤਾਬਕ ਇਹ ਨੈੱਟਵਰਕ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਇਲਾਵਾ ਨੌਜਵਾਨਾਂ ਅਤੇ ਛੋਟੇ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਅੱਤਵਾਦੀ ਗਤੀਵਿਧੀਆਂ ਵੱਲ ਧੱਕਣ ਨਾਲ ਜੁੜਿਆ ਰਿਹਾ ਹੈ। ਮੰਤਰਾਲੇ ਅਨੁਸਾਰ ਇਸ ਨੈੱਟਵਰਕ ਖ਼ਿਲਾਫ਼ UAPA, BNS, ਆਰਮਜ਼ ਐਕਟ, NDPS ਐਕਟ ਅਤੇ ਵਿਸਫੋਟਕ ਪਦਾਰਥ ਐਕਟ ਤਹਿਤ 80 ਤੋਂ ਵੱਧ FIR ਦਰਜ ਹਨ।
14 ਸੂਬਿਆਂ ਵਿੱਚ ਕਾਰਵਾਈ, 200 ਤੋਂ ਵੱਧ ਗ੍ਰਿਫ਼ਤਾਰੀਆਂ
ਗ੍ਰਹਿ ਮੰਤਰਾਲੇ ਮੁਤਾਬਕ ਅਗਸਤ ਵਿੱਚ ਸੁਰੱਖਿਆ ਏਜੰਸੀਆਂ ਨੇ 14 ਸੂਬਿਆਂ ਵਿੱਚ ਕਾਰਵਾਈ ਕੀਤੀ ਸੀ। ਇਸ ਦੌਰਾਨ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ 200 ਤੋਂ ਵੱਧ ਗ੍ਰਿਫ਼ਤਾਰੀਆਂ ਦਰਜ ਕੀਤੀਆਂ ਗਈਆਂ। ਕਾਰਵਾਈ ਦੌਰਾਨ IED, ਪਾਕਿਸਤਾਨ ਆਰਡਨੈਂਸ ਫੈਕਟਰੀ ਦੀ ਮਾਰਕਿੰਗ ਵਾਲੇ ਗ੍ਰਨੇਡ, ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਕਥਿਤ ਤੌਰ ’ਤੇ ਜਾਸੂਸੀ ਲਈ ਵਰਤੇ ਜਾਣ ਵਾਲੇ CCTV ਕੈਮਰੇ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਗ੍ਰਨੇਡ ਅਤੇ IED ਹਮਲਿਆਂ ਨਾਲ ਜੋੜਨ ਦਾ ਦਾਅਵਾ
ਗ੍ਰਹਿ ਮੰਤਰਾਲੇ ਦੇ ਅਨੁਸਾਰ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਭਾਰਤ ਵਿੱਚ ਗ੍ਰਨੇਡ, IED ਅਤੇ ਪੈਟਰੋਲ ਬੰਬ ਹਮਲਿਆਂ ਦੇ ਨਾਲ-ਨਾਲ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨਾਲ ਜੋੜਿਆ ਗਿਆ ਹੈ। ਸੁਰੱਖਿਆ ਏਜੰਸੀਆਂ ਦੇ ਅਨੁਸਾਰ ਸ਼ਹਿਜ਼ਾਦ ਭੱਟੀ ਪਾਕਿਸਤਾਨ ਸਥਿਤ ਅਤੇ ISI ਸਮਰਥਿਤ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਦੇ ਆਧਾਰ ’ਤੇ ਇਸ ਨੈੱਟਵਰਕ ਖ਼ਿਲਾਫ਼ ਕਾਨੂੰਨੀ ਅਤੇ ਸੁਰੱਖਿਆ ਏਜੰਸੀਆਂ ਦੀ ਕਾਰਵਾਈ ਜਾਰੀ ਹੈ।







