ਨਿਊਜ਼ੀਲੈਂਡ ਨੇ 7 ਵਿਕਟਾਂ ਨਾਲ ਜਿੱਤਿਆ ਪੰਜਵਾਂ ਟੀ-20, ਭਾਰਤ ਨੇ 3-2 ਨਾਲ ਜਿੱਤੀ ਸੀਰੀਜ਼

Top Trending News ਖੇਡਾਂ
  • ਨਿਊਜ਼ੀਲੈਂਡ ਨੇ 7 ਵਿਕਟਾਂ ਨਾਲ ਜਿੱਤਿਆ ਪੰਜਵਾਂ ਟੀ-20, ਭਾਰਤ ਨੇ 3-2 ਨਾਲ ਜਿੱਤੀ ਸੀਰੀਜ਼
  • ਟਿਮ ਸਾਈਫਰਟ ਨੇ 93 ਅਤੇ ਗਲੇਨ ਫਿਲਿਪਸ ਨੇ ਬਣਾਈਆਂ ਨਾਬਾਦ 65 ਦੌੜਾਂ

ਚੰਡੀਗੜ੍ਹ, 1 ਨਵੰਬਰ (ਦੇਸ਼ ਕਲਿੱਕ ਬਿਊਰੋ): ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਪੰਜਵੇਂ ਟੀ-20 ਮੁਕਾਬਲੇ ਵਿੱਚ 7 ਵਿਕਟਾਂ ਨਾਲ ਹਾਰ ਗਈ। ਹਾਲਾਂਕਿ, ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਆਪਣੇ ਨਾਂ ਕਰ ਲਈ। ਹੈਮਿਲਟਨ ਵਿੱਚ ਨਿਊਜ਼ੀਲੈਂਡ ਨੇ 192 ਦੌੜਾਂ ਦਾ ਟੀਚਾ ਸਿਰਫ਼ 18 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਨਿਊਜ਼ੀਲੈਂਡ ਦੀ ਜਿੱਤ ਵਿੱਚ ਟਿਮ ਸਾਈਫਰਟ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ 50 ਗੇਂਦਾਂ ਵਿੱਚ 93 ਦੌੜਾਂ ਬਣਾਈਆਂ, ਜਦਕਿ ਗਲੇਨ ਫਿਲਿਪਸ ਨੇ ਨਾਬਾਦ 65 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਅਤੇ ਨਿਤੀਸ਼ ਰੈੱਡੀ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 191 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 32 ਗੇਂਦਾਂ ਵਿੱਚ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ 23 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਐਡਮ ਮਿਲਨੇ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।