Punjab News: ਰੇਲਗੱਡੀ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, 72 ਘੰਟਿਆਂ ਲਈ ਮੋਰਚਰੀ ’ਚ ਰੱਖਿਆ
ਸੁਨਾਮ ਊਧਮ ਸਿੰਘ ਵਾਲਾ, 1 ਨਵੰਬਰ 2026: ਸੁਨਾਮ ਰੇਲਵੇ ਸਟੇਸ਼ਨ ’ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਚੁਰੂ ਤੋਂ ਲੁਧਿਆਣਾ ਜਾ ਰਹੀ ਰੇਲਗੱਡੀ ਦੇ ਇੱਕ ਡੱਬੇ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਸੂਚਨਾ ਮਿਲਣ ’ਤੇ ਰੇਲਵੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਜੀਆਰਪੀ ਚੌਕੀ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਉੱਪਲੀ ਅਨੁਸਾਰ ਪੁਲਿਸ ਨੂੰ 1 ਨਵੰਬਰ ਨੂੰ ਸਵੇਰੇ ਕਰੀਬ 11:45 ਵਜੇ ਸੂਚਨਾ ਮਿਲੀ ਸੀ ਕਿ ਰੇਲਗੱਡੀ ਦੇ ਇੱਕ ਡੱਬੇ ਦੀ ਸੀਟ ’ਤੇ ਵਿਅਕਤੀ ਦੀ ਲਾਸ਼ ਪਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 55 ਸਾਲ ਹੈ, ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ।
ਮ੍ਰਿਤਕ ਨੇ ਬਰੀਕ ਚੈਕਦਾਰ ਕੋਕਾ-ਕੋਲਾ ਰੰਗ ਦੀ ਕਮੀਜ਼, ਕ੍ਰੀਮ ਰੰਗ ਦੀ ਕਮੀਜ਼ ਅਤੇ ਗਲ ਵਿੱਚ ਪੀਲੇ ਰੰਗ ਦਾ ਪਰਨਾ ਪਾਇਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਅਤੇ ਅਗਲੀ ਕਾਰਵਾਈ ਲਈ ਸਿਵਲ ਹਸਪਤਾਲ ਸੁਨਾਮ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਲਈ ਲਾਸ਼ ਨੂੰ ਅਗਲੇ 72 ਘੰਟਿਆਂ ਤੱਕ ਮੋਰਚਰੀ ਵਿੱਚ ਰੱਖਿਆ ਜਾਵੇਗਾ। ਜੀਆਰਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਮ੍ਰਿਤਕ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸੁਨਾਮ ਰੇਲਵੇ ਸਟੇਸ਼ਨ ਦੀ ਜੀਆਰਪੀ ਚੌਕੀ ਨਾਲ ਸੰਪਰਕ ਕਰੇ।







