ਵੱਡੀ ਖ਼ਬਰ: INDIA ਗਠਜੋੜ ਦੀ ਰੈਲੀ ਦੌਰਾਨ ਭਾਜਪਾ ਨੇ ਜ਼ਬਰਦਸਤੀ ਬੰਦ ਕਰਵਾਈਆਂ ਦੁਕਾਨਾਂ- ਰਾਹੁਲ ਗਾਂਧੀ ਦਾ ਗੰਭੀਰ ਦੋਸ਼
ਨਵੀਂ ਦਿੱਲੀ, 1 ਨਵੰਬਰ 2026: ਦਿੱਲੀ ਵਿੱਚ ‘ਇੰਡੀਆ’ ਗਠਜੋੜ ਦੀ ਮਹਾਰੈਲੀ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਟਕਰਾਅ ਤੇਜ਼ ਹੋ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਦੋਸ਼ ਲਗਾਇਆ ਹੈ ਕਿ ਰੈਲੀ ਦੌਰਾਨ ਕਨਾਟ ਪਲੇਸ ਇਲਾਕੇ ਦੀਆਂ ਦੁਕਾਨਾਂ ਜ਼ਬਰਦਸਤੀ ਬੰਦ ਕਰਵਾਈਆਂ ਗਈਆਂ, ਜਿਸ ਕਾਰਨ ਵਪਾਰੀਆਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ।
ਰਾਮਲੀਲਾ ਮੈਦਾਨ ਵਿੱਚ ਹੋਈ ‘ਇੰਡੀਆ’ ਗਠਜੋੜ ਦੀ ਵਿਸ਼ਾਲ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਰੈਲੀ ਅਤੇ ਮਾਰਚ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸਥਾਨਕ ਦੁਕਾਨਾਂ ਤੋਂ ਖਰੀਦਦਾਰੀ ਕਰਨ ਦੀ ਅਪੀਲ ਕੀਤੀ ਗਈ ਸੀ, ਤਾਂ ਜੋ ਵਪਾਰੀਆਂ ਦੇ ਕਾਰੋਬਾਰ ਨੂੰ ਵੀ ਫਾਇਦਾ ਮਿਲ ਸਕੇ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਜਦੋਂ ਉਹ ਕਨਾਟ ਪਲੇਸ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਦੁਕਾਨਾਂ ਬੰਦ ਸਨ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਵਪਾਰੀਆਂ ਦੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ। ਇਸ ਬਿਆਨ ਨਾਲ ਦਿੱਲੀ ਦੀ ਸਿਆਸਤ ਵਿੱਚ ਨਵੀਂ ਬਹਿਸ ਛਿੜ ਗਈ ਹੈ ਅਤੇ ਭਾਜਪਾ ਤੇ ਕਾਂਗਰਸ ਵਿਚਾਲੇ ਦੋਸ਼ਾਂ ਦਾ ਸਿਲਸਿਲਾ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।







