ਮੰਦਰ ’ਚ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਤੀ-ਪਤਨੀ ਅਤੇ 5 ਮਹੀਨਿਆਂ ਦੇ ਮਾਸੂਮ ਦੀ ਮੌਤ

Top Trending News ਰਾਸ਼ਟਰੀ

 

ਮੰਦਰ ’ਚ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਤੀ-ਪਤਨੀ ਅਤੇ 5 ਮਹੀਨਿਆਂ ਦੇ ਮਾਸੂਮ ਦੀ ਮੌਤ

ਸ਼ਾਜਾਪੁਰ (ਮੱਧ ਪ੍ਰਦੇਸ਼), 1 ਨਵੰਬਰ 2026: ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ। ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਅਤੇ ਉਨ੍ਹਾਂ ਦੇ ਪੰਜ ਮਹੀਨਿਆਂ ਦੇ ਮਾਸੂਮ ਬੱਚੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ, ਇਹ ਹਾਦਸਾ ਸਾਰੰਗਪੁਰ-ਸਲਸਲਾਈ ਹਾਈਵੇਅ ’ਤੇ ਗੋਦਨਾ ਨੇੜੇ ਵਾਪਰਿਆ। ਅਜੀਤ ਪੰਵਾਰ ਆਪਣੀ ਪਤਨੀ ਪੂਜਾ ਅਤੇ ਪੰਜ ਮਹੀਨਿਆਂ ਦੇ ਪੁੱਤਰ ਸ਼ਿਵਾਂਸ਼ੂ ਨਾਲ ਮੋਟਰਸਾਈਕਲ ’ਤੇ ਅੱਯਾਪੁਰ ਮੰਦਰ ਜਾ ਰਹੇ ਸਨ। ਇਸ ਦੌਰਾਨ ਅਚਾਨਕ ਇੱਕ ਅਵਾਰਾ ਕੁੱਤਾ ਮੋਟਰਸਾਈਕਲ ਅੱਗੇ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬਾਈਕ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਪਿਕਅੱਪ ਵਾਹਨ ਨਾਲ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੇ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਪਰਿਵਾਰ ਸੀਹੋਰ ਜ਼ਿਲ੍ਹੇ ਦੇ ਆਸ਼ਟਾ ਦੀ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਬਾਅਦ ਪਿਕਅੱਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।