ਡੀਟੀਐੱਫ. ਵੱਲੋਂ ਮਾਸਟਰ ਕਾਡਰ ਤਰੱਕੀਆਂ ਦੌਰਾਨ ਅਧਿਆਪਕਾਂ ਨੂੰ ਦੂਰ ਦੁਰੇਡੇ ਸਟੇਸ਼ਨ ਦੇਣ ਦੀ ਨਿਖੇਧੀ

Top Trending News ਪੰਜਾਬ

 

ਡੀਟੀਐੱਫ. ਵੱਲੋਂ ਮਾਸਟਰ ਕਾਡਰ ਤਰੱਕੀਆਂ ਦੌਰਾਨ ਅਧਿਆਪਕਾਂ ਨੂੰ ਦੂਰ ਦੁਰੇਡੇ ਸਟੇਸ਼ਨ ਦੇਣ ਦੀ ਨਿਖੇਧੀ

ਤੁਰੰਤ ਜੁਆਇੰਨ ਕਰਨ ਦੇ ਤੁਗਲਕੀ ਫਰਮਾਨ ਖਿਲਾਫ ਅਧਿਆਪਕਾਂ ਵਿੱਚ ਭਾਰੀ ਰੋਸ

ਬਠਿੰਡਾ 28 ਸਤੰਬਰ 2026: ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਤੋਂ 2599 ਮਾਸਟਰ ਕਾਡਰ, ਐੱਚ.ਟੀ. ਤੋਂ 927, ਸੀ.ਐੱਚ.ਟੀ. ਤੋਂ 208 ਮਾਸਟਰ ਕਾਡਰ, ਨਾਨ-ਟੀਚਿੰਗ ਤੋਂ 250 ਮਾਸਟਰ ਕਾਡਰ, ਅਦਰ ਕੈਟਾਗਰੀ ਟੀਚਰਜ਼ ਤੋਂ 377 ਮਾਸਟਰ ਕਾਡਰ ਅਤੇ ਸੀ ਐਂਡ ਵੀ ਤੋਂ 127 ਮਾਸਟਰ ਕਾਡਰ ਦੀਆਂ ਕੁੱਲ ਮਿਲਾ ਕੇ 4488 ਕੀਤੀਆਂ ਗਈਆਂ ਹਾਲੀਆ ਤਰੱਕੀਆਂ (ਪ੍ਰਮੋਸ਼ਨਾਂ) ਦੀ ਪ੍ਰਕਿਰਿਆ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਜਥੇਬੰਦੀ ਨੇ ਦੋਸ਼ ਲਾਇਆ ਹੈ ਕਿ ਵਿਭਾਗ ਵੱਲੋਂ ਜਲਦਬਾਜ਼ੀ ਅਤੇ ਗੈਰ-ਪਾਰਦਰਸ਼ੀ ਤਰੀਕੇ ਨਾਲ ਕੀਤੇ ਗਏ ਸਟੇਸ਼ਨ ਅਲਾਟਮੈਂਟ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਇਸੇ ਢੰਗ ਨਾਲ ਮਾਸਟਰ ਤੋਂ ਲੈਕਚਰਾਰ ਤਰੱਕੀ ਦੇਣ ਵੇਲੇ, ਮਨਮਰਜ਼ੀ ਅਤੇ ਧੱਕੇ ਨਾਲ ਦੂਰ ਦੁਰਾਡੇ ਦਿੱਤੇ ਸਟੇਸ਼ਨਾਂ ਉਪਰੰਤ ਹੋਈ ਅਧਿਆਪਕਾਂ ਦੀ ਖੱਜਲ ਖੁਆਰੀ ਤੋਂ ਕੋਈ ਸਬਕ ਨਹੀਂ ਲਿਆ ਗਿਆ ਹੈ।

ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਅਧਿਆਪਕਾਂ ਵੱਲੋਂ ਆ ਰਹੇ ਮੁੱਖ ਇਤਰਾਜ਼ਾਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਪੂਰੀ ਪ੍ਰਕਿਰਿਆ ਵਿੱਚ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਵਿਭਾਗ ਵੱਲੋਂ ਆਮ ਵਾਂਗ ਅਧਿਆਪਕਾਂ ਤੋਂ ਸਟੇਸ਼ਨਾਂ ਦੀ ਆਨਲਾਈਨ ਜਾਂ ਆਫਲਾਈਨ ਕੋਈ ਚੋਣ (Option) ਨਹੀਂ ਕਰਵਾਈ ਗਈ। ਅਧਿਆਪਕਾਂ ਨੂੰ ਬਿਨਾਂ ਪੁੱਛੇ ਮਨਮਰਜ਼ੀ ਦੇ ਸਟੇਸ਼ਨ ਥੋਪ ਦਿੱਤੇ ਗਏ ਹਨ।

ਅਲਾਟਮੈਂਟ ਦੌਰਾਨ ਵੱਡੀ ਬੇਨਿਯਮੀ ਸਾਹਮਣੇ ਆਈ ਹੈ, ਜਿੱਥੇ ਜੂਨੀਅਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਤੁਲਨਾਤਮਕ ਸੁਖਾਵੇਂ ਸਟੇਸ਼ਨ ਦਿੱਤੇ ਗਏ ਹਨ, ਜਦਕਿ ਵਰ੍ਹਿਆਂ ਦੀ ਸੇਵਾ ਵਾਲੇ ਸੀਨੀਅਰ ਅਧਿਆਪਕਾਂ ਨੂੰ ਜਾਣਬੁੱਝ ਕੇ ਦੂਰ-ਦੁਰਾਡੇ ਦੇ ਸਟੇਸ਼ਨਾਂ ‘ਤੇ ਸੁੱਟ ਦਿੱਤਾ ਗਿਆ ਹੈ। ਔਰਤ ਅਧਿਆਪਕਾਂ ਦੀਆਂ ਪਰਿਵਾਰਕ ਸਥਿਤੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਿਆਂ, ਉਨ੍ਹਾਂ ਨੂੰ 40 ਕਿਲੋਮੀਟਰ ਦੇ ਘੇਰੇ ਤੋਂ ਬਾਹਰ 100 ਤੋਂ 150 ਕਿਲੋਮੀਟਰ ਦੀ ਦੂਰੀ ਵਾਲੇ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ, ਜਿਸ ਨਾਲ ਉਨ੍ਹਾਂ ਲਈ ਡਿਊਟੀ ਕਰਨਾ ਅਸੰਭਵ ਹੋ ਜਾਵੇਗਾ। ਆਗੂਆਂ ਨੇ ਵਿਭਾਗ ਵੱਲੋਂ ਤੁਰੰਤ ਜੁਆਇੰਨ ਕਰਨ ਦੇ ਹੁਕਮ ਨੂੰ ਤੁਗਲਕੀ ਫ਼ਰਮਾਨ ਐਲਾਨਦਿਆਂ ਜੁਆਇੰਨ ਕਰਨ ਲਈ ਪਹਿਲਾਂ ਵਾਂਗ ਘੱਟੋ ਘੱਟ 10 ਤੋਂ 15 ਦਿਨਾਂ ਦਾ ਸਮਾਂ ਦੇਣ ਦੀ ਮੰਗ ਕੀਤੀ।

ਪਰ ਇਸ ਵਾਰ ਵਿਭਾਗ ਨੇ ਸਾਰੇ ਨਿਯਮ ਛਿੱਕੇ ਟੰਗ ਕੇ ‘ਤੁਰੰਤ ਜੁਆਇੰਨ’ ਕਰਨ ਦੇ ਤਾਨਾਸ਼ਾਹੀ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਕਾਰਨ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕਾਂ ਨੂੰ ਇਸ ਗੱਲ ਲਈ ਵੀ ਜਬਰਨ ਮਜਬੂਰ ਕੀਤਾ ਜਾ ਰਿਹਾ ਹੈ ਕਿ ਜਾਂ ਤਾਂ ਅੱਜ ਹੀ ਸਟੇਸ਼ਨ ‘ਤੇ ਜੁਆਇਨ ਕਰਨ ਜਾਂ ਫਿਰ ਨਾ ਜੁਆਇਨ ਕਰਨ ਸਬੰਧੀ ਲਿਖ ਕੇ ਦੇਣ। ਇਸ ਸਥਿਤੀ ਕਾਰਣ ਵੱਡੀ ਗਿਣਤੀ ਵਿੱਚ ਅਧਿਆਪਕ ਆਪਣੀਆਂ ਤਰੱਕੀਆਂ ਛੱਡਣ ਲਈ ਮਜਬੂਰ ਹੋਣਗੇ ਜਿਸਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ।

ਡੀ.ਟੀ.ਐੱਫ. ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਲਤ ਅਲਾਟਮੈਂਟਾਂ ‘ਤੇ ਤੁਰੰਤ ਰੋਕ ਲਗਾਈ ਜਾਵੇ। ਅਧਿਆਪਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਸਟੇਸ਼ਨ ਚੋਣ ਦਾ ਮੌਕਾ ਦੇ ਕੇ, ਸੀਨੀਆਰਤਾ ਅਤੇ ਮਹਿਲਾ ਮੁਲਾਜ਼ਮਾਂ ਦੀ ਸਹੂਲਤ ਅਨੁਸਾਰ ਸਟੇਸ਼ਨ ਦੁਬਾਰਾ ਅਲਾਟ ਕੀਤੇ ਜਾਣ। ਜੇਕਰ ਵਿਭਾਗ ਨੇ ਆਪਣਾ ਅੜੀਅਲ ਰਵੱਈਆ ਨਾ ਬਦਲਿਆ ਤਾਂ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ।