ਨਕਲੀ IPS ਅਧਿਕਾਰੀ ਗ੍ਰਿਫ਼ਤਾਰ – PHD ਵਿਦਿਆਰਥਣ ਨਾਲ 11.50 ਲੱਖ ਰੁਪਏ ਦੀ ਠੱਗੀ: ਰਾਅ ਏਜੰਟ ਬਣਕੇ ਦਿੱਤਾ ਧੋਖਾ

Top Trending News ਚੰਡੀਗੜ੍ਹ ਪੰਜਾਬ
  • ਨਕਲੀ IPS ਅਧਿਕਾਰੀ ਗ੍ਰਿਫ਼ਤਾਰ – PHD ਵਿਦਿਆਰਥਣ ਨਾਲ 11.50 ਲੱਖ ਰੁਪਏ ਦੀ ਠੱਗੀ: ਰਾਅ ਏਜੰਟ ਬਣਕੇ ਦਿੱਤਾ ਧੋਖਾ

ਚੰਡੀਗੜ੍ਹ, 29 ਸਤੰਬਰ (ਦੇਸ਼ ਕਲਿੱਕ ਬਿਊਰੋ): ਮੈਟ੍ਰਿਮੋਨੀਅਲ ਸਾਈਟ ’ਤੇ AI ਦੀ ਮਦਦ ਨਾਲ ਤਿਆਰ ਕੀਤੀ ਵਰਦੀ ਵਾਲੀ ਤਸਵੀਰ ਲਗਾ ਕੇ ਖੁਦ ਨੂੰ ਕਦੇ IPS ਅਧਿਕਾਰੀ, ਕਦੇ ਐਕਸਾਈਜ਼ ਵਿਭਾਗ ਦਾ ਅਸਿਸਟੈਂਟ ਕਮਿਸ਼ਨਰ ਅਤੇ ਕਦੇ ਰਾਅ ਏਜੰਟ ਦੱਸਣ ਵਾਲੇ ਨੌਜਵਾਨ ਨੇ ਚੰਡੀਗੜ੍ਹ ਦੀ ਇੱਕ PhD ਵਿਦਿਆਰਥਣ ਨੂੰ ਕਥਿਤ ਤੌਰ ’ਤੇ ਵਿਆਹ ਦਾ ਝਾਂਸਾ ਦੇ ਕੇ ਠੱਗ ਲਿਆ। ਪੁਲਿਸ ਨੇ ਰੋਹਤਕ ਵਾਸੀ ਅਮਿਤ ਕੁਮਾਰ ਬਲਹਾਰਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੈਕਟਰ-20 ਦੀ ਰਹਿਣ ਵਾਲੀ ਪੀੜਤਾ ਮੁਤਾਬਕ ਮਾਰਚ ਵਿੱਚ ਮੈਟ੍ਰਿਮੋਨੀਅਲ ਸਾਈਟ ’ਤੇ ਦੋਵਾਂ ਦੀ ਜਾਣ-ਪਛਾਣ ਹੋਈ। ਮੁਲਜ਼ਮ ਨੇ ਪ੍ਰੋਫਾਈਲ ’ਤੇ ਵਰਦੀ ਵਾਲੀ ਤਸਵੀਰ ਲਗਾਈ ਹੋਈ ਸੀ। ਗੱਲਬਾਤ ਵਧਣ ਤੋਂ ਬਾਅਦ ਉਸ ਨੇ ਵੱਖ-ਵੱਖ ਸਰਕਾਰੀ ਅਹੁਦਿਆਂ ’ਤੇ ਹੋਣ ਦਾ ਦਾਅਵਾ ਕਰਕੇ ਪੀੜਤਾ ਦਾ ਭਰੋਸਾ ਜਿੱਤਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ IPS ਵਰਦੀ ਵਾਲੀ ਤਸਵੀਰ AI ਰਾਹੀਂ ਤਿਆਰ ਕੀਤੀ ਗਈ ਸੀ।

ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ ਬਣਾਇਆ ਭਾਵਨਾਤਮਕ ਦਬਾਅ
ਪੁਲਿਸ ਮੁਤਾਬਕ ਮੁਲਜ਼ਮ ਨੇ ਆਪਣੀ ਮਾਂ ਦੀ ਬਿਮਾਰੀ ਅਤੇ ਪਰਿਵਾਰਕ ਹਾਲਾਤਾਂ ਦਾ ਹਵਾਲਾ ਦੇ ਕੇ ਪੀੜਤਾ ਨਾਲ ਭਾਵਨਾਤਮਕ ਨੇੜਤਾ ਬਣਾਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਮੁਲਾਕਾਤਾਂ ਅਤੇ ਡੇਟਿੰਗ ਸ਼ੁਰੂ ਹੋ ਗਈ। ਮੁਲਜ਼ਮ ਨੇ ਹਰਿਆਣਾ ਸਰਕਾਰ ਵਿੱਚ ਆਪਣੀ ਕਥਿਤ ਪਹੁੰਚ ਦੱਸਦਿਆਂ ਪੀੜਤਾ ਨੂੰ ਸਰਕਾਰੀ ਨੌਕਰੀ ਲਗਵਾਉਣ ਦਾ ਭਰੋਸਾ ਵੀ ਦਿੱਤਾ। ਪੀੜਤਾ ਦਾ ਦੋਸ਼ ਹੈ ਕਿ ਵਿਆਹ ਅਤੇ ਨੌਕਰੀ ਦਾ ਝਾਂਸਾ ਦੇ ਕੇ ਮੁਲਜ਼ਮ ਨੇ ਉਸ ਤੋਂ ਕਰੀਬ 11.50 ਲੱਖ ਰੁਪਏ ਨਕਦ, 6-7 ਤੋਲੇ ਸੋਨੇ ਦੇ ਗਹਿਣੇ ਅਤੇ ਲੈਪਟਾਪ ਲੈ ਲਿਆ।

ਸੁਰੱਖਿਆ ਦਾ ਹਵਾਲਾ ਦੇ ਕੇ ਬੈਂਕ ਖਾਤਾ ਵੀ ਆਪਣੇ ਕਬਜ਼ੇ ’ਚ ਲਿਆ
ਮੁਲਜ਼ਮ ਨੇ ਖੁਦ ਨੂੰ ਰਾਅ ਏਜੰਟ ਦੱਸਦਿਆਂ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਆਪਣੇ ਨਾਮ ’ਤੇ ਬੈਂਕ ਖਾਤਾ ਨਹੀਂ ਖੋਲ੍ਹ ਸਕਦਾ। ਇਸ ਤੋਂ ਬਾਅਦ ਪੀੜਤਾ ਦੇ ਦਸਤਾਵੇਜ਼ਾਂ ਨਾਲ ਉਸ ਦੇ ਨਾਮ ’ਤੇ ਬੈਂਕ ਖਾਤਾ ਖੁਲਵਾਇਆ ਗਿਆ। ਪਾਸਬੁੱਕ, ATM ਅਤੇ ਨਵਾਂ ਸਿਮ ਕਾਰਡ ਵੀ ਮੁਲਜ਼ਮ ਨੇ ਆਪਣੇ ਕੋਲ ਰੱਖ ਲਿਆ। ਕੁਝ ਸਮੇਂ ਬਾਅਦ ਖਾਤੇ ਵਿੱਚ ਸ਼ੱਕੀ ਲੈਣ-ਦੇਣ ਹੋਣ ਕਾਰਨ ਬੈਂਕ ਨੇ ਖਾਤਾ ਫ੍ਰੀਜ਼ ਕਰ ਦਿੱਤਾ। ਬੈਂਕ ਮੈਨੇਜਰ ਵੱਲੋਂ ਜਾਣਕਾਰੀ ਮਿਲਣ ’ਤੇ ਪੀੜਤਾ ਨੂੰ ਮਾਮਲੇ ’ਤੇ ਸ਼ੱਕ ਹੋਇਆ। ਜਦੋਂ ਉਸ ਨੇ ਮੁਲਜ਼ਮ ਤੋਂ ਪੈਸੇ ਅਤੇ ਸਾਮਾਨ ਵਾਪਸ ਮੰਗਿਆ ਤਾਂ ਕਥਿਤ ਤੌਰ ’ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ।

ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦਾ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਚੈਟ, ਫੋਟੋਆਂ, ਵੀਡੀਓ, ਕਾਲ ਡਿਟੇਲ ਅਤੇ ਬੈਂਕ ਖਾਤੇ ਵਿੱਚ ਹੋਏ ਸ਼ੱਕੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਮੁਲਜ਼ਮ ਨੇ ਇਸੇ ਤਰੀਕੇ ਨਾਲ ਹੋਰ ਲੜਕੀਆਂ ਨੂੰ ਤਾਂ ਨਿਸ਼ਾਨਾ ਨਹੀਂ ਬਣਾਇਆ।